ਆਈਲੈੱਟਸ (IELTS) ਕੋਚਿੰਗ ਸੈਂਟਰਾਂ ਨੂੰ ਸਾਹ ਨਹੀਂ ਆ ਰਿਹਾ, ਨੌਜਵਾਨ ਹਰ ਮਹੀਨੇ 35.42 ਕਰੋੜ ਰੁਪਏ ਇਕੱਲੀ ਪ੍ਰੀਖਿਆ ਫੀਸ ਦੇ ਰੂਪ ਵਿੱਚ ਤਾਰਦੇ ਹਨ

ਬਠਿੰਡਾ – (ਚਰਨਜੀਤ ਭੁੱਲਰ) ਅਜਿਹਾ ਜਾਪਦਾ ਹੈ ਜਿਵੇਂ ਪੰਜਾਬ ਹੁਣ ਬੈਂਡਾਂ ਦੀ ਮੰਡੀ ਬਣ ਗਿਆ ਹੋਵੇ। ਵੱਡੇ-ਛੋਟੇ ਸ਼ਹਿਰਾਂ ’ਚ ਆਈਲੈੱਟਸ (ਆਈਲਸ) ਕੋਚਿੰਗ ਸੈਂਟਰਾਂ ਨੂੰ ਸਾਹ ਨਹੀਂ ਆ ਰਿਹਾ। ਪੇਂਡੂ ਮਿਨੀ ਬੱਸਾਂ ਵਿੱਚ ਵੱਡੀ ਭੀੜ ਹੁਣ ਇਨ੍ਹਾਂ ਪਾੜ੍ਹਿਆਂ ਦੀ ਹੁੰਦੀ ਹੈ ਜਿਨ੍ਹਾਂ ਨਵੀਂ ਉਡਾਣ ਦੇ ਮੁਸਾਫਿਰ ਬਣਨਾ ਹੈ। ਮਾਲਵਾ ਵੀ ਹੁਣ ਦੁਆਬੇ ਨਾਲ ਜਾ ਰਲਿਆ ਹੈ। ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਲਈ ਆਈਲੈੱਟਸ ਦੇ ਬੈਂਡ ਲਾਜ਼ਮੀ ਹਨ। ਪੰਜਾਬ ਨੇ ਜਦੋਂ ਅੱਡੀਆਂ ਚੁੱਕ ਲਈਆਂ ਤਾਂ ਆਈਲੈੱਟਸ ਪ੍ਰੀਖਿਆ ਪ੍ਰਬੰਧਕਾਂ (ਬ੍ਰਿਟਿਸ਼ ਕੌਂਸਲ ਤੇ ਆਈਡੀਪੀ) ਨੇ ਹਰ ਸ਼ਹਿਰ ਗਲੀਚੇ ਵਿਛਾ ਦਿੱਤੇ ਜੋ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਕਾਫੀ ਮਹਿੰਗੇ ਪੈ ਰਹੇ ਹਨ।
      ਪੰਜਾਬੀ ਟ੍ਰਿਬਿਊਨ ਤਰਫੋਂ ਇਕੱਲੀ ਆਈਲੈੱਟਸ ਪ੍ਰੀਖਿਆ ਤੇ ਕੋਚਿੰਗ ਸੈਂਟਰਾਂ ਦੇ ਜੋ ਕਾਰੋਬਾਰ ਦਾ ਖਾਕਾ ਵਾਹਿਆ ਗਿਆ ਹੈ, ਉਸ ਅਨੁਸਾਰ ਪੰਜਾਬ ਵਿੱਚ ਹੁਣ ਸਾਲਾਨਾ ਕਰੀਬ 1100 ਕਰੋੜ ਰੁਪਏ ਦਾ ਕਾਰੋਬਾਰ ਹੋਣ ਲੱਗਾ ਹੈ। ਪੰਜਾਬ ਭਰ ’ਚੋਂ ਹਰ ਵਰ੍ਹੇ ਕਰੀਬ 3.36 ਲੱਖ ਨੌਜਵਾਨ ਆਈਲੈੱਟਸ ਪ੍ਰੀਖਿਆ ਵਿਚ ਬੈਠਦੇ ਹਨ ਜੋ ਇਕੱਲੀ ਆਈਲੈੱਟਸ ਦੀ ਪ੍ਰੀਖਿਆ ਫੀਸ ਦੇ ਰੂਪ ਵਿੱਚ ਸਾਲਾਨਾ 425 ਕਰੋੜ ਰੁਪਏ ਤਾਰਦੇ ਹਨ। ਬ੍ਰਿਟਿਸ ਕੌਂਸਲ ਤੇ ਆਈਡੀਪੀ (ਪ੍ਰੀਖਿਆ ਪ੍ਰਬੰਧਕ) ਦੇ ਪੰਜਾਬ-ਚੰਡੀਗੜ੍ਹ ਵਿੱਚ ਸੱਤ-ਸੱਤ ਪ੍ਰੀਖਿਆ ਕੇਂਦਰ ਹਨ ਜਿਨ੍ਹਾਂ ਵਿੱਚ ਬਠਿੰਡਾ, ਮੋਗਾ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਤੇ ਚੰਡੀਗੜ੍ਹ ਸ਼ਾਮਿਲ ਹਨ। ਆਈਡੀਪੀ ਦੇ ਦੇਸ਼ ਭਰ ਵਿਚ ਕੁੱਲ 40 ਪ੍ਰੀਖਿਆ ਕੇਂਦਰ ਹਨ। ਹਰ ਪ੍ਰੀਖਿਆ ਕੇਂਦਰ ਦੀ ਸਮਰੱਥਾ 300 ਤੋਂ 700 ਸੀਟਾਂ ਦੀ ਹੈ ਤੇ ਹਰ ਮਹੀਨੇ ਚਾਰ ਵਾਰ ਪ੍ਰੀਖਿਆ ਹੁੰਦੀ ਹੈ। ਔਸਤਨ ਪੰਜ ਸੌ ਸੀਟਾਂ ਮੰਨ ਲਈਏ ਤਾਂ ਹਰ ਮਹੀਨੇ ਪੰਜਾਬ ’ਚ 28 ਹਜ਼ਾਰ ਨੌਜਵਾਨ ਆਈਲੈੱਟਸ ਦੀ ਪ੍ਰੀਖਿਆ ਦਿੰਦੇ ਹਨ। ਆਈਲੈੱਟਸ ਦੀ ਪ੍ਰੀਖਿਆ ਫੀਸ 12,650 ਰੁਪਏ ਹੈ ਜੋ ਦਸ ਸਾਲ ਪਹਿਲਾਂ 7200 ਰੁਪਏ ਹੁੰਦੀ ਸੀ। ਆਈਡੀਪੀ ਨੇ ਕਾਰੋਬਾਰ ਨੂੰ ਦੇਖਦੇ ਹੋਏ ਅਗਸਤ 2012 ਵਿੱਚ ਬਠਿੰਡਾ ਵਿੱਚ ਵੀ ਪ੍ਰੀਖਿਆ ਕੇਂਦਰ ਸ਼ੁਰੂ ਕਰ ਦਿੱਤਾ ਸੀ। ਨੌਜਵਾਨ ਹਰ ਮਹੀਨੇ 35.42 ਕਰੋੜ ਰੁਪਏ ਇਕੱਲੀ ਪ੍ਰੀਖਿਆ ਫੀਸ ਦੇ ਰੂਪ ਵਿੱਚ ਤਾਰਦੇ ਹਨ।
     ਕੋਚਿੰਗ ਸੈਂਟਰ ਪ੍ਰਬੰਧਕਾਂ ਅਨੁਸਾਰ ਪੰਜਾਬ ਦੇ ਕਰੀਬ 30 ਤੋਂ 35 ਫੀਸਦੀ ਨੌਜਵਾਨ ਹੀ ਆਈਲੈੱਟਸ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੁੰਦੇ ਹਨ। ਬਹੁਤੇ ਪੇਂਡੂ ਨੌਜਵਾਨ ਤਿੰਨ-ਤਿੰਨ ਵਾਰ ਪ੍ਰੀਖਿਆ ਦੇਣ ਦੇ ਬਾਵਜੂਦ ਲੋੜੀਂਦੇ ਬੈਂਡ ਲੈਣ ਵਿੱਚ ਸਫਲ ਨਹੀਂ ਹੁੰਦੇ। ਆਈਲੈੱਟਸ ਦੀ ਕੋਚਿੰਗ ਫੀਸ 5000 ਤੋਂ ਸ਼ੁਰੂ ਹੋ ਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀ ਹੈ। ਪੰਜਾਬੀ ਮੀਡੀਅਮ ਸਕੂਲਾਂ ਦੇ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਕੋਚਿੰਗ ਲੈਣੀ ਪੈਂਦੀ ਹੈ। ਉਨ੍ਹਾਂ ਨੂੰ ਕੋਚਿੰਗ ਤੇ ਪ੍ਰੀਖਿਆ ਫੀਸ ਦਾ ਖਰਚਾ ਹੀ ਕਰੀਬ 50 ਹਜ਼ਾਰ ਰੁਪਏ ਵਿੱਚ ਪੈਂਦਾ ਹੈ। ਇਕੱਲਾ ਔਸਤਨ ਕੋਚਿੰਗ ਖਰਚਾ ਪ੍ਰਤੀ ਵਿਦਿਆਰਥੀ ਅੰਦਾਜ਼ਨ 20 ਹਜ਼ਾਰ ਰੁਪਏ ਮੰਨੀਏ ਤਾਂ ਹਰ ਵਰ੍ਹੇ ਪ੍ਰੀਖਿਆ ਦੇਣ ਵਾਲੇ 3.36 ਲੱਖ ਨੌਜਵਾਨ ਸਾਲਾਨਾ 672 ਕਰੋੜ ਰੁਪਏ ਕੋਚਿੰਗ ਸੈਂਟਰਾਂ ਦੀ ਫੀਸ ਦਾ ਭਰ ਦਿੰਦੇ ਹਨ। ਨੌਜਵਾਨ ਬਲਪ੍ਰੀਤ ਸਿੰਘ ਗੋਨਿਆਣਾ ਨੂੰ ਜਦੋਂ ਪੁੱਛਿਆ ਕਿ ‘ਵਿਦੇਸ਼ ਕੀ ਪਿਆ, ਕਾਹਤੋਂ ਚੱਲੇ ਹੋ।’ ਅੱਗਿਓਂ ਜੁਆਬ ਮਿਲਿਆ ‘ਫਿਰ ਇੱਥੇ ਵੀ ਕੀ ਪਿਆ’। ਹਰ ਨੌਜਵਾਨ ਦੀ ਇਹੋ ਕਹਾਣੀ ਹੈ। ਪੰਜਾਬ ਵਿਚ ਰਜਿਸਟਰਡ ਆਈਲੈੱਟਸ ਕੋਚਿੰਗ ਸੈਂਟਰਾਂ ਦੀ ਗਿਣਤੀ 1200 ਦੇ ਕਰੀਬ ਬਣਦੀ ਹੈ। ਆਈਡੀਪੀ ਨਾਲ ਇਕੱਲੇ ਉਤਰੀ ਭਾਰਤ ਦੇ ਕਰੀਬ 910 ਕੋਚਿੰਗ ਸੈਂਟਰ ਰਜਿਸਟਰਡ ਹਨ। ਪੰਜਾਬ ਅਣਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਧਾਲੀਵਾਲ ਅਤੇ ਪ੍ਰਧਾਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਆਈਲੈਸ ਦੇ ਰੁਝਾਨ ਨੇ ਵੱਡੀ ਸੱਟ ਡਿਗਰੀ ਕਾਲਜਾਂ ਨੂੰ ਮਾਰੀ ਹੈ ਅਤੇ ਕਾਲਜ ਖਾਲੀ ਹੋਣ ਲੱਗੇ ਹਨ।
ਨੌਜਵਾਨ ਮਾਨਸਿਕ ਤਣਾਅ ਦੇ ਸ਼ਿਕਾਰ
ਬੈਂਡਾਂ ਦੀ ਮੰਡੀ ’ਚੋਂ ਨਿਹੱਥੇ ਹੋਏ ਨੌਜਵਾਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਮੋਗਾ ਜ਼ਿਲ੍ਹੇ ਵਿਚ ਇੱਕ ਵਿਦਿਆਰਥੀ ਨੇ ਬੈਂਡ ਨਾ ਆਉਣ ਮਗਰੋਂ ਖੁਦਕੁਸ਼ੀ ਕਰ ਲਈ ਸੀ। ਮਾਨਸਿਕ ਰੋਗਾਂ ਦੀ ਮਾਹਿਰ ਡਾ. ਨਿਧੀ ਗੁਪਤਾ ਨੇ ਦੱਸਿਆ ਕਿ ਹਰ ਮਹੀਨੇ ਉਨ੍ਹਾਂ ਕੋਲ ਅਜਿਹੇ ਵਿਦਿਆਰਥੀ ਆ ਰਹੇ ਹਨ ਜਿਨ੍ਹਾਂ ਦਾ ਬੈਂਡਾਂ ਨੇ ਮਾਨਸਿਕ ਤਵਾਜ਼ਨ ਹਿਲਾ ਰੱਖਿਆ