ਆਈਏਐੱਸ ਅਧਿਕਾਰੀ ਦੇ ਸਹੁਰੇ ਦੀ ਭੇਤਭਰੀ ਹਾਲਤ ਵਿਚ ਹੱਤਿਆ

ਰਾਜਪੁਰਾ-ਸਰਹਿੰਦ ਜੀਟੀ ਰੋਡ ’ਤੇ ਪਿੰਡ ਉਕਸੀ ਸੈਣੀਆਂ ਨੇੜੇ ਕਾਰ ਵਿੱਚ ਸਵਾਰ ਸੇਵਾਮੁਕਤ ਉੱਚ ਅਧਿਕਾਰੀ ਸਵਰਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਈਏਐਸ ਅਧਿਕਾਰੀ ਵਰੂਣ ਰੂਜਮ ਦੇ ਸਹੁਰਾ ਸਨ। ਮੌਕੇ ’ਤੇ ਪੁੱਜੇ ਰਾਜਪੁਰਾ ਦੇ ਡੀਐਸਪੀ ਕੇ ਕੇ ਪੈਂਥੇ ਨੇ ਦੱਸਿਆ ਕਿ ਸਵਰਨ ਸਿੰਘ ਵਾਟਰ ਸਪਲਾਈ ਵਿਭਾਗ ’ਚੋਂ ਉੱਚ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹ ਅੱਜ ਰਾਜਪੁਰਾ ਨੇੜਲੇ ਜੱਦੀ ਪਿੰਡ ਉਕਸੀ ਸੈਣੀਆਂ ਵਿੱਚ ਸ਼ਹੀਦਾਂ ਦੀਆਂ ਸਮਾਧਾਂ ’ਤੇ ਮੱਥਾ ਟੇਕਣ ਆਏ ਸਨ। ਪੁਲੀਸ ਅਧਿਕਾਰੀ ਨੂੰ ਸ਼ੱਕ ਹੈ ਕਿ ਸ਼ਹੀਦਾਂ ਦੀਆਂ ਸਮਾਧਾਂ ’ਤੇ ਮੱਥਾ ਟੇਕਣ ਉਪਰੰਤ ਸਵੇਰੇ 11 ਕੁ ਵਜੇ ਜਦੋਂ ਉਹ ਸਵਿਫਟ ਕਾਰ ਵਿੱਚ ਚੰਡੀਗੜ੍ਹ ਲਈ ਰਾਜਪੁਰਾ-ਸਰਹਿੰਦ ਜੀਟੀ ਰੋਡ ਹੇਠਾਂ ਬਣੇ ਅੰਡਰ ਪਾਸ ਰਾਹੀਂ ਲੰਘ ਰਹੇ ਸਨ ਤਾਂ ਕਾਰ ਦੀ ਡਰਾਈਵਿੰਗ ਕਰਦੇ ਸਮੇਂ ਹੀ ਉਨ੍ਹਾਂ ਨੂੰ ਨੇੜਿਓਂ ਗੋਲੀਆਂ ਮਾਰੀਆਂ ਗਈਆਂ। ਕਾਰ ਬੇਕਾਬੂ ਹੋ ਕੇ ਖਤਾਨਾਂ ਵਿੱਚ ਜਾ ਉਤਰੀ। ਸ੍ਰੀ ਪੈਂਥੇ ਨੇ ਦੱਸਿਆ ਕਿ ਕਾਰ ਵਿੱਚੋਂ ਕਾਰਤੂਸਾਂ ਦੇ ਤਿੰਨ ਖਾਲੀ ਖੋਲ ਮਿਲੇ ਹਨ ਪ੍ਰੰਤੂ ਪਿਸਤੌਲ ਬਰਾਮਦ ਨਹੀਂ ਹੋਈ ਹੈ ਜਿਸ ਕਾਰਨ ਇਹ ਮਾਮਲਾ ਕੁਝ ਸ਼ੱਕੀ ਜਾਪਦਾ ਹੈ। ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੌਕੇ ’ਤੇ ਫੋਰੈਂਸਿਕ ਲੈਬ ਦੇ ਮਾਹਿਰਾਂ ਦੀ ਟੀਮ ਵੱਲੋਂ ਵੀ ਜਾਂਚ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਮੁਹਾਲੀ ਨੇ ਦੱਸਿਆ ਕਿ ਸਵਰਨ ਸਿੰਘ ਦੀ ਲੜਕੀ ਆਈਏਐਸ ਅਧਿਕਾਰੀ ਵਰੂਣ ਰੂਜਮ ਨਾਲ ਵਿਆਹੀ ਹੋਈ ਹੈ। ਪਿੰਡ ਦੀ ਮਹਿਲਾ ਸਰਪੰਚ ਸਰਬਜੀਤ ਕੌਰ ਦੇ ਪਤੀ ਹਰਬਿੰਦਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ 40 ਸਾਲ ਪਹਿਲਾਂ ਪਰਿਵਾਰ ਸਮੇਤ ਚੰਡੀਗੜ੍ਹ ਚਲੇ ਗਏ ਸਨ ਅਤੇ ਉਥੇ ਉਹ ਵਾਟਰ ਸਪਲਾਈ ਵਿਭਾਗ ਵਿੱਚ ਐਸਈ ਲੱਗੇ ਹੋਏ ਸਨ। ਉਹ ਕਰੀਬ 10 ਸਾਲ ਪਹਿਲਾਂ ਨੌਕਰੀ ਤੋਂ ਸੇਵਾਮੁਕਤ ਹੋਏ ਸਨ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਵਰਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।