ਅੱਠ ਕਿਲੋ ਅਫੀਮ ਤੇ 12 ਕਿਲੋ ਨਸ਼ੀਲਾ ਪਾਊਡਰ ਬਰਾਮਦ

ਸਪੈਸ਼ਲ ਟਾਸਕ ਫੋਰਸ ਨੇ ਦੋ ਵੱਖ ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਰਾਜਸਥਾਨ ਤੋਂ ਪੰਜਾਬ ਲਿਆ ਕੇ ਵੇਚੀ ਜਾ ਰਹੀ ਅੱਠ ਕਿਲੋ ਅਫੀਮ ਤੇ ਦੇਸੀ ਦਵਾਈਆਂ ਦੇ ਨਾਂ ਹੇਠ ਨਸ਼ੀਲੇ ਪਾਊਡਰ ਦੀ ਵਰਤੋਂ ਕਰਨ ਵਾਲੇ ਕੋਲੋਂ 12 ਕਿਲੋ 800 ਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।
ਇਸ ਸਬੰਧੀ ਐਸਟੀਐਫ ਦੇ ਏਆਈਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਰਾਜਸਥਾਨ ਤੋਂ ਪੰਜਾਬ ਵਿੱਚ ਅਫੀਮ ਵੇਚਣ ਦੇ ਚੱਲ ਰਹੇ ਧੰਦੇ ਤਹਿਤ ਰਸ਼ਪਾਲ ਸਿੰਘ ਉਰਫ ਨਿੱਕੂ ਵਾਸੀ ਪਿੰਡ ਚੀਮਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਅਗਾਉਂ ਜਾਣਕਾਰੀ ਮਿਲੀ ਸੀ ਕਿ ਨਿੱਕੂ ਆਪਣੇ ਟਰੱਕ ਵਿੱਚ ਰਾਜਸਥਾਨ ਤੋਂ ਅਫੀਮ ਲੈ ਕੇ ਆਇਆ ਹੈ। ਇਹ ਅਫੀਮ ਪਿੰਡ ਫਤਹਿਗੜ੍ਹ ਸਭਰਾ ਦੇ ਇਕ ਵਿਅਕਤੀ ਪਿਆਰਾ ਸਿੰਘ ਵੱਲੋਂ ਮੰਗਵਾਈ ਗਈ ਹੈ। ਪੁਲੀਸ ਨੇ ਮੌਕੇ ’ਤੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਉਸ ਦੇ ਕਬਜ਼ੇ ਵਿੱਚੋਂ ਅੱਠ ਕਿਲੋ ਅਫੀਮ ਬਰਾਮਦ ਕੀਤੀ ਹੈ। ਐਸਟੀਐਫ ਨੇ ਇਹ ਕਾਰਵਾਈ ਤਰਨ ਤਾਰਨ ਪੁਲੀਸ ਦੇ ਸਹਿਯੋਗ ਨਾਲ ਕੀਤੀ ਤੇ ਇਸ ਸਬੰਧ ਵਿੱਚ ਤਰਨ ਤਾਰਨ ਦੇ ਥਾਣਾ ਸਿਟੀ ਵਿੱਚ ਐਨਡੀਪੀਐਸ ਐਕਟ ਹੇਠ ਧਾਰਾ 18, 25, 29, 61, 85 ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਫਿੱਲਹਾਲ ਅਫੀਮ ਮੰਗਵਾਉਣ ਵਾਲੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਏਆਈਜੀ ਨੇ ਦੱਸਿਆ ਕਿ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਨਾਲ ਹੋਰ ਵੀ ਕਈ ਖੁਲਾਸੇ ਹੋਣਗੇ।
ਇਸੇ ਤਰ੍ਹਾਂ ਫਤਹਿਗੜ੍ਹ ਚੂੜੀਆਂ, ਬੱਸ ਅੱਡੇ ਦੇ ਬਾਹਰ ਦੇਸੀ ਦਵਾਈਆਂ ਦੇ ਨਾਂ ਹੇਠ ਨਸ਼ੀਲੇ ਪਾਊਡਰ ਦੀਆਂ ਗੋਲੀਆਂ ਬਣਾ ਕੇ ਵੇਚਣ ਵਾਲੇ ਇਕ ਵਿਅਕਤੀ ਨੂੰ ਐਸਟੀਐਫ ਨੇ ਕਾਬੂ ਕੀਤਾ ਹੈ, ਜਿਸ ਦੀ ਸ਼ਿਨਾਖਤ ਸਤਨਾਮ ਸਿੰਘ ਵਾਸੀ ਪਿੰਡ ਭਾਣਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਵਿਅਕਤੀ ਨੇ ਇਥੇ ਫਤਹਿਗੜ੍ਹ ਚੂੜੀਆਂ ਬੱਸ ਅੱਡੇ ਦੇ ਬਾਹਰ ਜੋਸ਼ ਆਯੁਰਵੈਦਿਕ ਦੇ ਨਾਂ ’ਤੇ ਦੁਕਾਨ ਖੋਲ੍ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਅਜਿਹੇ ਮਰੀਜ਼ਾਂ ਨੂੰ ਜਿਨ੍ਹਾਂ ਦੇ ਜੋੜਾਂ ਵਿੱਚ ਦਰਦ ਰਹਿੰਦੀ ਹੈ, ਜਾਂ ਗੋਡੇ ਮੋਢੇ ਆਦਿ ਦਰਦ ਹੁੰਦੇ ਹਨ, ਨੂੰ ਦੇਸੀ ਦਵਾਈ ’ਚ ਇਹ ਨਸ਼ੀਲਾ ਪਾਊਡਰ ਪੀਸ ਕੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇੰਜ ਇਹ ਵਿਅਕਤੀ ਗੈਰ ਕਾਨੂੰਨੀ ਧੰਦਾ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ। ਪੁਲੀਸ ਨੇ ਇਸ ਨੂੰ ਨਾਕਾਬੰਦੀ ਕਰਕੇ ਗ੍ਰਿਫ਼ਤਾਰ ਕੀਤਾ ਹੈ ਤੇ ਇਸ ਦੇ ਕਬਜ਼ੇ ਵਿੱਚੋਂ 12 ਕਿਲੋ 800 ਗਰਾਮ ਨਸ਼ੀਲਾ ਪਾਊਡਰ ਤੇ ਇਕ ਕਾਰ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 22, 61, 85 ਹੇਠ ਥਾਣਾ ਫਤਹਿਗੜ੍ਹ ਚੂੜੀਆਂ ਵਿੱਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਹੋਰ ਜਾਂਚ ਜਾਰੀ ਹੈ।