ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਕਰਵਾਉਣ ਵਾਸਤੇ ਮੁਹਿੰਮ ਹੋਈ ਹੋਰ ਤੇਜ, ਟਰਕੀ (ਇਸਤੰਨਬੂਲ) ਲਈ ਉਡਾਨਾਂ ਸ਼ੁਰੂ ਕਰਨ ਵਾਸਤੇ ਗੱਲਬਾਤ ਜਾਰੀ

ਅੰਮ੍ਰਿਤਸਰ ਜੁੜ ਸਕਦਾ ਹੈ ਟਰਕੀ ਰਾਹੀਂ ਲੰਡਨ, ਯੂਰਪ, ਅਮਰੀਕਾ ਤੇ ਕੈਨੇਡਾ ਨਾਲ

ਲੰਡਨ, ਯੂਰਪ, ਅਮਰੀਕਾ ਤੇ ਕੈਨੇਡਾ ਦਾ ਸਫਰ ਹੋ ਸਕਦਾ ਹੈ ਆਸਾਨ

ਅੰਮ੍ਰਿਤਸਰ – ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਪਹਿਲ) ਦੇ ਇਕ ਵਫਦ ਨੇ ਹਾਲ ਹੀ ਵਿਚ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਮੁੰਬਈ ਵਿਖੇ ਆਯੋਜਤ ਪਹਿਲੇ ਗਲੋਬਲ ਐਵੀਏਸ਼ਨ ਸਮਿਟ 2019 ਵਿਚ ਸ਼ਮੂਲੀਅਤ ਕੀਤੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਟੀਚਾ ਵਿਸ਼ਵ ਦੀਆਂ ਵੱਖ-ਵੱਖ ਏਅਰਲਾਈਨਜ਼ ਅਤੇ ਸਰਕਾਰਾਂ ਤੱਕ ਪਹੁੰਚ ਹੈ ਤਾਂ ਜੋ ਉਨ੍ਹਾਂ ਨੂੰ ਅੰਮ੍ਰਿਤਸਰ ਦੀਆਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

        ਇਸ ਪਹਿਲ ਦੇ ਕੋ-ਕਨਵੀਨਰ (ਸਹਿ-ਸੰਯੋਜਕ) ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਏ.ਵੀ.ਐੱਮ.) ਦੇ ਵਧੀਕ ਸਕੱਤਰ ਯੋਗੇਸ਼ ਕਮਰਾ, ਮੈਂਬਰ ਦਲਜੀਤ ਸਿੰਘ ਸੈਨੀ ਅਤੇ ਉਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇਸ ਸੰਮੇਲਨ ਵਿਚ ਕਈ ਹਵਾਈ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਨੂੰ ਦੁਨੀਆਂ ਦੀਆ ਵੱਡੀਆ ਏਅਰਲਾਈਨਾਂ ਸਾਹਮਣੇ ਵਿਸਥਾਰਪੂਰਵਕ ਅੰਕੜਿਆ ਨਾਲ ਪੇਸ਼ ਕੀਤਾ ਤਾਂ ਜੋ ਪੰਜਾਬ ਦੇ ਇਸ ਹਵਾਈ ਅੱਡੇ ਨੂੰ ਦੁਨੀਆ ਭਰ ਨਾਲ ਜੋੜਿਆ ਜਾ ਸਕੇ।

ਯੋਗੇਸ਼ ਕਾਮਰਾ ਨੇ ਦੱਸਿਆ ਕਿ ਵਫਦ ਨੇ ਏਅਰਲਾਈਨਾਂ ਦੇ ਚੋਟੀ ਦੇ ਕਾਰਜਕਾਰੀ ਤੇ ਨੈਟਵਰਕ ਪਲੈਨਿੰਗ ਅਫਸਰਾਂ ਨਾਲ ਮੁਲਾਕਾਤ ਕੀਤੀ ਜਿਸ ਵਿਚ ਇੰਡੀਗੋ, ਜਪਾਨ ਏਅਰਲਾਈਨ, ਏਅਰ ਏਸ਼ੀਆ ਇੰਡੀਆ, ਸਟਾਰ ਏਅਰ, ਏਅਰ ਇੰਡੀਆ, ਲੌਟ ਪੋਲਿਸ਼ ਏਅਰਲਾਈਂਜ਼, ਸਾਊਦੀ ਅਰਬ ਦੇ ਕੌਂਸਲ ਜਨਰਲ, ਦਿੱਲੀ ਅਤੇ ਮੁੰਬਈ ਦੇ ਹਵਾਈ ਅੱਡਿਆ ਨੂੰ ਚਲਾ ਰਹੀਆਂ ਕੰਪਨੀਆਂ ਜੀ ਐੱਮ ਆਰ ਅਤੇ ਜੀ.ਵੀ.ਕੇ ਗਰੁੱਪ ਨਾਲ ਮੁਲਾਕਾਤ ਕੀਤੀ।

ਵਫਦ ਨੇ ਇੰਡੀਗੇ ਦੇ ਚੀਫ ਪਲੈਨਿੰਗ ਅਫਸਰ (ਸੀ.ਪੀ.ਓ.) ਮਾਈਕਲ ਸਵੈਟੈਕ ਨਾਲ ਮੁਲਾਕਾਤ ਵਿਚ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਬੈਂਗਲੌਰ, ਹੈਦਰਾਬਾਦ, ਗੁਹਾਟੀ ਅਤੇ ਦੁਬਈ ਲਈ ਉਡਾਣਾਂ ਸ਼ੁਰੂ ਕਰਨ ਵਾਸਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਅਸੀਂ ਅੰਮ੍ਰਿਤਸਰ ਨੂੰ ਲੰਡਨ, ਯੂਰਪ, ਕੈਨੇਡਾ ਅਤੇ ਅਮਰੀਕਾ ਨਾਲ ਜੋੜਣ ਦੀ ਮੰਗ ਬਾਰੇ ਵੀ ਚਰਚਾ ਕੀਤੀ।

ਇੰਡੀਗੋ ਨੇ ਹਾਲ ਹੀ ਵਿਚ ਟਰਕੀਸ਼ ਏਅਰਵੇਜ਼, ਜੋ ਵਿਸ਼ਵ ਦੀ ਇਕਮਾਤਰ ਏਅਰਲਾਈਨ ਹੈ ਜੋ ਕਿ ਦੁਨੀਆਂ ਦੇ ਵੱਧ ਤੋਂ ਵੱਧ ਹਵਾਈ ਅੱਡਿਆਂ ਨਾਲ ਜੁੜਦੀ ਹੈ ਨਾਲ ਸਮਝੋਤਾ ਕੀਤਾ ਹੈ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜੇ ਇੰਡੀਗੋ ਅੰਮ੍ਰਿਤਸਰ ਤੋਂ ਟਰਕੀ ਦੇ ਸ਼ਹਿਰ ਇਸਤੰਨਬੂਲ ਤੱਕ ਸਿੱਧੀ ਫਲਾਈਟ ਸ਼ੁਰੂ ਕਰਦੀ ਹੈ ਤਾਂ ਅੰਮ੍ਰਿਤਸਰ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਹੁੰਦੀ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯਾਤਰੀਆਂ ਦੀ ਇਮੀਗਰੇਸ਼ਨ, ਸਮਾਨ ਜਮਾਂ ਜਾ ਲੈਣਾ ਸਭ ਅੰਮਿਤਸਰ ਹੀ ਹੋ ਜਾਵੇਗਾ ਅਤੇ ਉਹ ਆਸਾਨੀ ਨਾਲ ਇਸਤੰਨਬੂਲ ਰਾਹੀਂ ਲੰਡਨ, ਯੂਰਪ (ਮਿਲਾਨ, ਫ੍ਰੈਂਕਫਰਟ ਆਦਿ) ਅਤੇ ਅਮਰੀਕਾ ਕੈਨੇਡਾ (ਟੋਰਾਂਟੋ, ਨਿਊਯਾਰਕ ਆਦਿ) ਜਾ ਸਕਦੇ ਹਨ ਜਿਸ ਨਾਲ ਉਹਨਾਂ ਦਾ ਸਮਾਂ ਅਤੇ ਕਿਰਾਇਆ ਵੀ ਬਚੇਗਾ।

ਟਰਕਿਸ਼ ਏਅਰਲਾਈਨ ਨੂੰ ਅਮ੍ਰਿਤਸਰ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਇਜਾਜ਼ਤ ਨਹੀਂ ਦੇ ਰਹੀ ਹੈ। ਇਸ ਬਾਰੇ ਟਰਕੀਸ਼ ਏਅਰਲਾਈਨ ਨੇ ਹਾਲ ਹੀ ਵਿਚ ਮੰਗ ਵੀ ਕੀਤੀ ਹੈ ਤਾਂ ਜੋ ਅੰਮ੍ਰਿਤਸਰ ਉਡਾਣ ਸ਼ੁਰੂ ਹੋ ਸਕਣ। ਇਸ ਲਈ ਇੰਡੀਗੋ ਦੀ ਭਾਈਵਾਲੀ ਨਾਲ ਅੰਮ੍ਰਿਤਸਰ ਤੋਂ ਯਾਤਰੀ ਆਰਾਮ ਨਾਲ ਟਰਕੀ ਰਾਹੀਂ ਦੁਨੀਆ ਭਰ ਨਾਲ ਜੁੜ ਜਾਣਗੇ।

ਵਫਦ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਨਾਲ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਅਤੇ ਸ਼ਹਿਰੀ ਹਵਾਬਾਜ਼ੀ ਸਕੱਤਰ ਆਰ.ਐਨ. ਚੌਬੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੂੰ ਦਿੱਲੀ-ਲੰਡਨ ਦੀ ਉਡਾਣ ਨੂੰ ਬਰਾਸਤਾ ਅੰਮ੍ਰਿਤਸਰ ਰਾਹੀਂ ਸ਼ੁਰੂ ਕਰਨ ਦੀ ਬੇਨਤੀ ਕੀਤੀ। ਉਹਨਾਂ ਨੇ ਓਮਾਨ, ਚੀਨ, ਜਾਪਾਨ, ਜਰਮਨੀ, ਸਾਊਦੀ ਅਰਬ, ਕੁਵੈਤ, ਯੁ.ਏ.ਈ. ਆਦਿ ਮੁਲਕਾਂ ਨਾਲ ਹਵਾਈ ਸਮਝੋਤਿਆਂ ਵਿਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਇਹਨਾਂ ਮੁਲਕਾਂ ਦੀਆਂ ਹਵਾਈ ਕੰਪਨੀਆਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰ ਸਕਨ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੂਰਬ ਲਈ ਵੀ ਉਹਨਾਂ ਨੇ ਇਹਨਾਂ ਬੇਨਤੀਆਂ ਨੂੰ ਜਲਦੀ ਪਰਵਾਨ ਕਰਨ ਦੀ ਮੰਗ ਵੀ ਰੱਖੀ।

ਕਾਮਰਾ ਨੇ ਕਿਹਾ ਕਿ ਡੈਲੀਗੇਸ਼ਨ ਜਾਪਾਨ ਏਅਰਲਾਈਨ ਦੇ ਮੀਤ ਪ੍ਰਧਾਨ ਮਾਰਕਿਟਿੰਗ ਏਕੀਹਾਇਡ ਯੋਗਚੀ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਜਾਪਾਨ ਰਾਹੀਂ ਅਮਰੀਕਾ, ਕੈਨੇਡਾ ਦੇ ਸ਼ਹਿਰਾਂ ਵੈਨਕੂਵਰ, ਸੈਨ ਫਰਾਂਸਿਸਕੋ, ਲੋਸ ਐਂਜਲਸ, ਲਾਸ ਵੇਗਾਸ, ਸੈਨ ਡਿਏਗੋ, ਸੀਏਟਲ, ਬੋਸਟਨ, ਸ਼ਿਕਾਗੋ, ਡੱਲਾਸ, ਅਤੇ ਨਿਊਯਾਰਕ ਨਾਲ ਜੋੜਣ ਬਾਰੇ ਵੀ ਗੱਲਬਾਤ ਕੀਤੀ।

ਵਫਦ ਨੇ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਤੋਂ ਏਅਰ ਏਸ਼ੀਆਂ ਦੀ ਹਾਲ ਹੀ ਵਿਚ ਬੰਗਲੋਰ ਲਈ ਬੰਦ ਕੀਤੀ ਗਈ ਘਰੇਲੂ ਉਡਾਣ ਨੂੰ ਮੁੜ ਸ਼ੁਰੂ ਕਰਨ ਲਈ ਕੰਪਨੀ ਦੇ ਸੀ.ਈ.ਓ ਸੁਨੀਲ ਭਾਸਕਰਨ ਨੂੰ ਬੇਨਤੀ ਕੀਤੀ। ਉਨ੍ਹਾਂ ਨੇ ਸਕਾਰਾਤਮਕ ਹੁੰਗਾਰਾ ਭਰਿਆ ਤੇ ਕਿਹਾ ਕਿ ਅੰਮ੍ਰਿਤਸਰ ਸਾਡੇ ਲਈ ਇਕ ਅਹਿਮ ਮੰਜ਼ਿਲ ਹੈ। ਜਹਾਜ਼ ਘੱਟ ਹੋਣ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਕੁਝ ਉਡਾਣਾਂ ਵਾਪਸ ਲੈਣੀਆਂ ਪਈਆਂ ਹਨ ਅਤੇ ਛੇਤੀ ਹੀ ਅਮ੍ਰਿਤਸਰ ਦੇ ਵਧੇਰੇ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆ ਹਨ।