ਕੈਲਗਰੀ (ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਕੈਲਗਰੀ ਮਹੀਨਾਵਾਰ ਮੀਟਿੰਗ 8 ਦਸੰਬਰ 2018 ਨੂੰ ਕੋਸੋ ਹਾਲ ਵਿੱਚ ਸਤਪਾਲ ਕੌਰ ਬੱਲ, ਦਿਲਾਵਰ ਸਿੰਘ ਸਮਰਾ ਅਤੇ ਕਰਮ ਸਿੰਘ ਮੁੰਡੀ ਦੀ ਪ੍ਰਧਾਨਗੀ ਹੇਠ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਭਰਵਂੇ ਇਕੱਠ ਵਿੱਚ ਹੋਈ। ਜਸਵੰਤ ਸਿੰਘ ਸੇਖੋਂ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਉਦਿਆਂ ਆਏ ਹੋਏ ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਆਖਿਆ। ਉਪਰੰਤ ਦਸੰਬਰ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਸਾਂਝੀਆਂ ਕੀਤੀਆਂ। ਸਿੱਖ ਇਤਿਹਾਸ ਵਿੱਚ ਮਾਤਾ ਗੁਜਰੀ ਅਤੇ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਚਾਲ਼ੀ ਮੁਕਤਿਆਂ ਬਾਰੇ ਵੀ ਗੱਲ ਕੀਤੀ। ਸੇਖੋਂ ਨੇ ਉਨ੍ਹਾਂ ਦੀਆਂ ਸ਼ਹੀਦੀਆਂ ਲਈ ਮੱਨੁਖਤਾ ਨੂੰ ਰਿਣੀ ਹੋਣ ਦੀ ਗੱਲ ਕੀਤੀ।
ਪ੍ਰੋਗਰਾਮ ਦਾ ਆਰੰਭ ਅਮਰੀਕ ਸਿੰਘ ਚੀਮਾਂ ਨੇ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਨਾਲ ਕੀਤਾ ਅਤੇ ਇੱਕ ਕਵਿਤਾ ਉਜਾਗਰ ਸਿੰਘ ਕਮਲ ਦੀ ਲਿਖੀ ਆਪਣੀ ਸੁਰੀਲੀ ਅਵਾਜ਼ ਪੇਸ਼ ਕੀਤੀ। ਕੈਲਗਰੀ ਦੇ ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਆਪਣੇ ਕੀਮਤੀ ਵਿਰਸੇ ਨੂੰ ਕਵੀਸ਼ਰੀ ਰੰਗ ਵਿੱਚ ਪੇਸ਼ ਕਰ ਕੇ ਸਰੋਤਿਆਂ ਨੂੰ ਇਹ ਮਹਿਸੂਸ ਕਰਾ ਦਿੱਤਾ ਕਿ ਵਾਕਿਆ ਹੀ ਪੰਜਾਬੀ ਵਿਰਸਾ ਇੱਕ ਅਮੀਰ ਵਿਰਸਾ ਹੈ। ਰਵੀ ਜਨਾਗਲ ਨੇ ਸ਼ਿਵ ਕਮਾਰ ਦੀ ਰਚਨਾ ‘ਕੁਝ ਰੁੱਖ’ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਹਰਨੇਕ ਬੱਧਨੀ ਨੇ ‘ਲੋਕ ਕੀ ਕਹਿਣਗੇ’ ਕਵਿਤਾ ਰਾਹੀਂ ਇੱਕ ਮੁੱਲਵਾਨ ਸੁਨੇਹਾ ਦਿੱਤਾ। ਸੋਰਤਿਆਂ ਵੱਲੋਂ ਇਸ ਕਵਿਤਾ ਨੂੰ ਬਹੁਤ ਸਲਾਹਿਆ ਗਿਆ। ਕੈਲਗਰੀ ਦੀ ਮਸ਼ਹੂਰ ਸ਼ਾਇਰਾ ਸੁਰਿੰਦਰ ਗੀਤ ਨੇ ਆਪਣੀ ਇੱਕ ਨਵੀਂ ਗ਼ਜ਼ਲ ਪੇਸ਼ ਕੀਤੀ ਸਰੋਤਿਆਂ ਤੋਂ ਵਾਹਵਾ ਖੱਟੀ। ਨਾਮਵਰ ਗ਼ਜ਼ਲ-ਗੋ ਕੇਸਰ ਸਿੰਘ ਨੇ ਆਪਣੀ ਬਹੁਤ ਹੀ ਮਕਬੂਲ਼ ਗ਼ਜ਼ਲ ਸੁਣਾ ਕੇ ਰੰਗ ਬੰਨਿਆਂ। ਜਸਵੀਰ ਸਿੰਘ ਸਿਹੋਤਾ ਨੇ ਆਪਣਾ ਇੱਕ ਦੋਹਾ ਅਤੇ ਇੱਕ ਮੌਲਿਕ ਗ਼ਜ਼ਲ ਸੁਣਾ ਕੇ ਹਾਜ਼ਰੀ ਲਗਵਾਈ।
ਅਜੈਬ ਸਿੰਘ ਸੇਖੋਂ ਨੇ ਗੁਰੂ ਨਾਨਕ ਦੇਵ ਦੇ ਜਨਮ ਦਿਹੜੇ ਨੂੰ ਸਮਾਰਪਿਤ ਕਵਿਤਾ ਸੁਣਾਈ। ਪੰਜਾਬ ਤੋਂ ਆਏ ਗੁਰਭੇਜ ਸਿੰਘ ਜੌਹਲ ਦੇ ਢਾਡੀ ਜਥੇ ਨੇ ਸਵ: ਪਾਲ ਸਿੰਘ ਪੰਛੀ ਜੀ ਦੀ ਰਚਨਾ ਢਾਡੀ ਰੰਗ ਵਿੱਚ ‘ਕਲੀ’ ਪੇਸ਼ ਕੀਤੀ ਤਾਂ ਸਰੋਤੇ ਸ਼ਰਸ਼ਾਰ ਹੋ ਗਏ। ਇਸ ਉਪਰੰਤ ਜਸਵੰਤ ਸਿੰਘ ਸੇਖੋਂ ਨੇ ਅਪਣੀ ਨਵੀਂ ਛਪੀ ਕਿਤਾਬ ‘ਪਿਆਰੇ ਸੇਖੋਂ’ ਢਾਡੀ ਜਥੇ ਨੂੰ ਭੇਟ ਕੀਤੀ। ਦਿਲਾਵਰ ਸਿੰਘ ਸਮਰਾ ਨੇ ਪੰਜਾਬੀ ਸਭਿਆਚਾਰ ਨਾਲ ਸੰਬਧਤ ਆਲੋਪ ਹੋ ਰਹੇ ਸ਼ਬਦਾਂ ਨੂੰ ਕਵਿਤਾ ਰੂਪ ਵਿੱਚ ਇਕੱਤਰ ਕੀਤੇ ਹੋਏ ਸ਼ਬਦ ਸੁਣਾਉਦੇ ਹੋਏ ਕਿਹਾ, “ਅਗਲੀ ਪੀੜ੍ਹੀ ਨੂੰ ਇਨ੍ਹਾਂ ਸ਼ਬਦਾਂ ਦੇ ਅਰਥ ਅਤੇ ਵਰਤੋਂ ਬਾਰੇ ਸਾਨੂੰ ਜਾਣੂ ਕਰਵਾਉਦੇ ਰਹਿਣਾ ਪਵੇਗਾ, ਨਹੀਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਵਿਚੋਂ ਇਹ ਸ਼ਬਦ ਲੁਪਤ ਹੀ ਹੋ ਜਾਣਗੇ। ਜਸਵੰਤ ਸਿੰਘ ਸੇਖੋਂ ਨੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਵੀਸ਼ਰੀ ਰੰਗ ਵਿੱਚ ਸੁਣਾ ਕੇ ਸਰੋਤਿਆਂ ਨੂੰ ਭਾਵਿਕ ਕਰ ਦਿੱਤਾ।
ਕਰਮ ਸਿੰਘ ਮੁੰਡੀ ਨੇ ਪੰਜਾਬ ਤੋਂ ਆਏ ਦੋ ਨੋਜੁਆਨਾਂ, ਜਿੰਨਾਂ ਨੇ ਪੰਜਾਬ ਵਿਚਲੇ ਵਾਤਾਵਰਨ ਅਤੇ ਪਾਣੀ ਦੀ ਸਾਂਭ-ਸੰਭਾਲ ਬਾਰੇ, ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਵੇ ਜਨਮ ਨੂੰ ਸਮਰਪਿਤ ਪ੍ਰੋਗਰਾਮ ਵਾਰੇ ਦੱਸਿਆ ਅਤੇ ਸਾਰੇ ਸੋਤਿਆਂ ਨੂੰ ਅਪੀਲ ਕੀਤੀ ਕਿ ਆਪਾਂ ਸਾਰੇ ਹੀ ਇਸ ਨੇਕ ਕੰਮ ਲਈ ਉਨ੍ਹਾਂ ਨੋਜੁਆਨਾਂ ਦਾ ਹੌਸਲਾ ਅਫ਼ਜਾਈ ਕਰਦੇ ਹੋਏ ਹਰ ਯਤਨ ਕਰੀਏ ਤਾਂ ਕਿ ਸੰਸਾਰ ਭਰ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਆਪੋ ਆਪਣੇ ਪਿੰਡਾਂ ਵਿੱਚ ਦੋਸਤ ਮਿੱਤਰਾਂ ਨੂੰ ਅਪੀਲ ਕਰੋ ਕਿ ਵੱਧ ਤੋਂ ਵੱਧ ਰੱਖ ਲਏ ਜਾਣ। ਗੁਰੂ ਨਾਨਕ ਦੇਵ ਜੀ ਬਾਣੀ ‘ਪਵਣ ਗੁਰੂ ਪਾਣੀ ਪਿਤਾ’ ਦੇ ਸ਼ਦੇਸ਼ ਉੱਪਰ ਅਮਲ ਕਰਦੇ ਹੋਏ ਗੁਰੂ ਜੀ ਦਾ ਜਨਮ ਦਿਹਾੜਾ ਮਨਾਈਏ। ਪ੍ਰਸ਼ੋਤਮ ਭਾਰਦਵਾਜ ਨੇ ਜਸਪਾਲ ਘਈ ਦੀ ਇੱਕ ਗ਼ਜ਼ਲ ਪੇਸ਼ ਕੀਤੀ ਸ਼ਿਵ ਕੁਮਾਰ ਸ਼ਰਮਾਂ ਨੇ ਕਰਤਾਰ ਪੁਰ ਲਾਂਘੇ ਨੂੰ ਮਿੱਤਰਤਾ ਦੀ ਜਿੱਤ ਅਤੇ ਦੁਸ਼ਮਣੀ ਦੀ ਹਾਰ ਕਹਿੰਦੇ ਹੋਏ ਇਸ ਲਾਂਘੇ ਦੀ ਵਧਾਈ ਦਿੱਤੀ। ਨਾਲ ਹੀ ਇੱਕ ਹਾਸ ਵਿਅੰਗ ਵੀ ਪੇਸ਼ ਕੀਤਾ।
ਸਤਪਾਲ ਕੌਰ ਬੱਲ ਨੇ ਕ੍ਰਿਮਿਸ ਦੇ ਤਿਉਹਾਰ ਲਈ ਸੁਨੇਹਾ ਦਿੱਤਾ ਕਿ ਕੈਨੇਡੀਅਨ ਸਮਾਜ ਵਿੱਚ ਰਹਿੰਦੇ ਹੋਏ ਆਊ ਵੱਧ ਚੜ੍ਹ ਕੇ ਇਸ ਤਿਉਹਾਰ ਨੂੰ ਵੀ ਮਨਾਈਏ। ਸ੍ਰੀ ਮਤੀ ਬੱਲ ਨੇ ਭਾਈ ਵੀਰ ਸਿੰਘ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵਿਚਾਰ ਪੇਸ਼ ਕੀਤੇ। ਭਾਈ ਵੀਰ ਸਿੰਘ ਜੀ ਨੂੰ ਪੰਜਾਬੀ ਸਾਹਿਤ ਦੇ ਪਿਤਾਮਾਂ ਅਤੇ ਕੁਰਰਤ ਦੇ ਕਵੀ ਦੱਸਦਿਆਂ ਉਨ੍ਹਾਂ ਦੀ ਤੁਲਣਾ ਅੰਗਰੇਜ਼ੀ ਸਾਹਿਤ ਦੇ ਪ੍ਰਸਿੱਧ ਲੇਖਕ ਵਿਲੀਅਮ ਵਰਜ਼ਵਰਥ ਨਾਲ ਕੀਤੀ।
ਇਨ੍ਹਾਂ ਤੋਂ ਇਲਾਵਾਂ ਅਮਰ ਸਿੰਘ ਕਿੰਗਰ, ਪ੍ਰਿਤਪਾਲ ਸਿੰਘ ਮੱਲ੍ਹੀ, ਬਲਬੀਰ ਕੌਰ, ਗੁਰਮੀਤ ਢਾਅ, ਇਕਬਾਲ ਖ਼ਾਨ, ਸਤਨਾਮ ਸਿੰਘ ਢਾਅ, ਹਰਦੀਪ ਸਿੰਘ ਗੁਰਮ ਨੇ ਸਾਹਿਤਕ ਮਿਲਣੀ ਵਿੱਚ ਆਪਣਾ ਯੋਗਦਾਨ ਪਾਇਆ. ਸਤਪਾਲ ਕੌਰ ਬੱਲ ਨੇ ਪੁਰਾਣੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਨਵੇਂ ਸਾਲ ਦੀ ਆਮਦ ਲਈ ਸ਼ੁਭ ਇਛਾਵਾਂ ਦਿੰਦੇ ਹੋਏ ਆਖਿਆ ਕਿ ਆੳ ਭੂਤਕਾਲ ਤੋਂ ਸਿਖਿਆ ਲੈ ਕੇ, ਭਵਿੱਖ ਲਈ ਆਸਵੰਦ ਹੋ ਕੇ ਵਰਤਮਾਨ ਨੂੰ ਖੁਸ਼ਹਾਲ ਬਣਾਈਏ। ਨਵੇਂ ਅਤੇ ਕ੍ਰਿਸਮਿਸ ਦੀਆਂ ਵਧਾਈਆਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਸਾਰੇ ਸਾਹਿਤ ਪ੍ਰੇਮੀ ਰਵਾਨਾ ਹੋਏ। ਸ੍ਰੀਮਤੀ ਬੱਲ ਨੇ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ 12 ਜਨਵਰੀ 2019 ਨੂੰ ਕੋਸੋ ਹਾਲ ਵਿੱਚ ਹੋਵੇਗੀ। ਹੋਰ ਜਾਣਕਾਰੀ ਲਈ ਸਤਪਾਲ ਕੌਰ ਬੱਲ ਨੂੰ 403-590-1403 ਤੇ ਜਸਵੰਤ ਸਿੰਘ ਸੇਖੋਂ ਨੂੰ 403-681-3132 ਤੇ ਸੰਪਰਕ ਕੀਤਾ ਜਾ ਸਕਦਾ ਹੈ।