ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਪਹਿਲੇ ਸੰਸਾਰ ਯੁੱਧ ਦੇ ਜ਼ੰਗੀ ਸ਼ਹੀਦਾਂ ਨੂੰ ਸਮਰਪਿਤ

     ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਸਤਪਤਲ ਕੌਰ ਬੱਲ, ਗੁਰਚਰਨ ਕੌਰ ਥਿੰਦ ਅਤੇ ਸਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ ਹੋਈ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਦੀ ਜ਼ਿੰਮੇਂਵਾਰੀ ਸੰਭਾਦਿਆਂ ਆਏ ਹੋਏ ਸਾਹਿਤ ਪੇ੍ਰਮੀਆਂ ਨੂੰ ਜੀ ਆਇਆਂ ਆਖਦਿਆਂ। ਪੋ੍ਰਗਰਾਮ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਪਹਿਲੇ ਸੰਸਾਰ ਯੁੱਧ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗੀ। ਨਾਲ ਹੀ ਦੱਸਿਆ ਕਿ ਨਵੰਬਰ 1984 ਦੇ ਦਿੱਲੀ ਵਿੱਚ ਮਾਰੇ ਗਏ ਨਿਰਦੋਸ਼ ਤੇ ਨਿਹੱਥੇ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ। ਕੈਲਗਰੀ ਨਿਵਾਸੀ ਅਤੇ ਸਾਹਿਤ ਪ੍ਰੇਮੀ ਰਾਮੇਸ਼ ਅੰਨਦ ਦੇ ਵਿਛੋੜੇ ਦੀ ਖ਼ਬਰ ਵੀ ਸਾਂਝੀ ਕੀਤੀ। ਸਭਾ ਵੱਲੋਂ ਸੰਸਾਰ ਯੁੱਧ ਵਿੱਚ ਮਾਰੇ ਗਏ ਸ਼ਹੀਦਾਂ, ਦਿੱਲੀ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਅਤੇ ਰਾਮੇਸ਼ ਅੰਨਦ ਨੂੰ ਵੀ ਸ਼ਰਧਾਜਲੀ ਦਿੱਤੀ ਗਈ। ਉਨ੍ਹਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
     ਪ੍ਰੋਗਰਾਮ ਦਾ ਅਗਾਜ਼ ਕਰਦਿਆਂ ਨਰਿੰਦਰ ਸਿੰਘ ਢਿੱਲੋਂ ਨੇ ਕਿੱਸਾ ਕਾਵਿ ‘ਤੇ ਔਰਤ ਬਾਰੇ ਜਗੀਰਦਾਰੀ ਸੋਚ ਦੇ ਪ੍ਰਭਾਵ ਬਾਰੇ ਗਲਬਾਤ ਕੀਤੀ। ਢਿੱਲੋਂ ਨੇ ਕਿਹਾ ਕਿ ਅੱਜ ਸਾਨੂੰ ਰੂੜੀਵਾਦੀ iਖ਼ਆਲਾਂ ਨੂੰ ਛੱਡ ਕੇ ਇਸਤ੍ਰੀ ਜਾਤੀ ਨੂੰ ਪਿਆਰ ਸਤਿਕਾਰ ਨਾਲ ਬਰਾਬਰ ਦੇ ਇਨਸਾਨੀ ਹੱਕ ਦੇਣ ਦੀ ਲੋੜ ਹੈ। ਇਸ ਤੇ ਖੁੱਲ੍ਹੀ ਵਿਚਾਰ ਚਰਚਾ ਹੋਈ। ਸਰਬਜੀਤ ਉੱਪਲ ਨੇ ਪੰਜਾਬੀ ਲੋਕ ਗੀਤਾਂ ਵਿੱਚੋਂ ਛੱਲਾ ਸੁਣਾਇਆ। ਸਰੀਲੀ ਅਵਾਜ਼ ਦੇ ਮਾਲਕ ਅਤੇ ਕਲਾਸੀਕਲ ਸੰਗੀਤ ਦੇ ਮਹਿਰ, ਜੋਗਾ ਸਿੰਘ ਸਿਹੋਤਾ ਨੇ ਜੰਗੀ ਸ਼ਹੀਦਾਂ ਨੂੰ ਇੱਕ ਗੀਤ ਰਾਹੀਂ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਕਰਬਾਨੀਆਂ ਨੂੰ ਯਾਦ ਕੀਤਾ ਨਾਲ ਹੀ ਇੱਕ ਗ਼ਜ਼ਲ ਸੁਣਾ ਕੇ ਠੰਡੇ ਮਾਹੌਲ ਨੂੰ ਗਰਮਾ ਦਿੱਤਾ। ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੇ ਪੰਜਾਬ ਦੇ ਮੰਨੇ-ਪ੍ਰਮੰਨੇ ਸ਼ਾਇਰ ਟਹਿਲ ਸਿੰਘ ਨੀਲੋਂ ਵੱਲੋਂ ਨਵੇਂ ਛਾਪੇ ਕਾਵਿ-ਸੰਗ੍ਰਹਿ ‘ਨੀਲੋਂ ਵਾਲ਼ੀ ਫ਼ਾਈਲ’ ਨਾਂ ਦੀ ਪੁਸਤਕ ਕਵੀਸ਼ਰ ਜਸਵੰਤ ਸਿੰਘ ਸੇਖੋਂ ਅਤੇ ਸਰੂਪ ਸਿੰਘ ਮੰਡੇਰ ਦੀ ਜੋੜੀ ਨੂੰ ਭੇਂਟ ਕੀਤੀ ਅਤੇ ਉਸ ਵਿੱਚ ਇੱਕ ਕਵਿਤਾ (ਹਓਮੈਂ) ਵੀ ਸੁਣਾਈ ਜਿਸ ਨੂੰ ਸਾਹਿਤ ਪ੍ਰੇਮੀਆਂ ਵੱਲੋਂ ਬਹੁਤ ਹੀ ਸਲਾਹਿਆ ਗਿਆ।
      ਰਣਜੀਤ ਸਿੰਘ ਮਿਨਹਾਸ ਨੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਇੱਕ ਕਵਿਤਾ ਸੁਣਾ ਕੇ ਆਪਣੀ ਪਹਿਲੀ ਹਾਜ਼ਰੀ ਲਗਵਾਈ। ਜਸਵੀਰ ਸਿਹੋਤਾ ਨੇ ਅਪਣੀ ਕਵਿਤਾ ਰਾਹੀਂ ਸੋਹਣਾ ਸੁਨੇਹਾ ਦਿੱਤਾ। ਕੁਲਦੀਪ ਕੌਰ ਘਟੌੜਾ ਨੇ ਕੈਲਗਰੀ ਸ਼ਹਿਰ ਦੀ ਸੁੰਦਰਤਾ ਬਿਆਨ ਕਰਦੀ ਇੱਕ ਕਵਿਤਾ ਸਾਂਝੀ ਕੀਤੀ। ਕੈਲਗਰੀ ਦੇ ਬਹੁ-ਵਿਧਾ ਲੇਖਕ ਹਰਨੇਕ ਸਿੰਘ ਬੱਧਣੀ ਨੇ ਇੱਕ ਗੀਤ ‘ਮੈਂ ਗੀਤਾਂ ਦਾ ਵਣਜਾਰਾ’ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ। ਸਰੂਪ ਸਿੰਘ ਮੰਡੇਰ ਨੇ ‘ਮੈਂ ਜੁੱਤੀ ਨਹੀਂ ਤੇਰੇ ਪੈਰ ਦੀ’ ਕਵਿਤਾ ਰਾਹੀਂ ਇਸਤ੍ਰੀ ਦੇ ਮਨੋਬਲ ਦੀ ਤਸਵੀਰ ਪੇਸ਼ ਕੀਤੀ। ਕੈਲਗਰੀ ਦੀ ਵਿਲਖੱਣ ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਔਰਤ, ਔਰਤ ਦੀ ਦੁਸ਼ਮਣ ਦੇ ਵਿਚਾਰ ਨੂੰ ਰੱਦ ਕਰਦਿਆਂ ਆਖਿਆ ਕਿ ਔਰਤ, ਔਰਤ ਦੀ ਰੱਖਿਅਕ ਹੈ ਦੁਸ਼ਮਣ ਨਹੀਂ। ਉਹ ਤਾਂ ਸਗੋਂ ਉਸ ਨੂੰ ਸਮਾਜ ਵਿਚਲੇ ਜੁਰਮਾਂ ਤੋਂ ਬਚਾਉਣ ਲਈ ਯਤਨਸ਼ੀਲ ਹੈ। ਅਮਰੀਕ ਸਿੰਘ ਚੀਮਾਂ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸ਼ਿਵ ਕਮਾਰ ਵਟਾਲਵੀ ਦਾ ਗੀਤ ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਹਰਮਿੰਦਰ ਕੌਰ ਨੇ ‘ਖੁਸ਼ੀ’ ਨਾਂ ਦੀ ਕਵਿਤਾ ਅਤੇ ਹਲਕੇ ਫੁਲਕੇ ਚੁਟਕਲਿਆਂ ਰਾਹੀਂ ਵਧੀਆ ਸੁਨੇਹਾ ਦਿੰਦਿਆਂ, ਸਰੋਤਿਆਂ ਦਾ ਮਨੋਰੰਜਨ ਵੀ ਕੀਤਾ। ਗੁਰਚਰਨ ਸਿੰਘ ਹੇਅਰ ਨੇ ਅਪਣੀ ਕਵਿਤਾ ਰਾਹੀਂ ਸਰੋਤਿਆ ਦਾ ਮਨ ਮੋਹ ਲਿਆ।
      ਕੈਲਗਰੀ ਦੀ ਨਾਮਵਰ ਸ਼ਾਇਰਾ ਸੁਰਿੰਦਰ ਗੀਤ ਨੇ ਅਪਣੀ ਇੱਕ ਮਕਬੂਲ ਗ਼ਜ਼ਲ ਸੁਣਾਈ। ਹਰਕੀਰਤ ਸਿੰਘ ਧਾਲੀਵਾਲ ਨੇ ਔਰਤ ਦੇ ਹੱਕਾਂ ਆਪਣੇ ਵਿਚਾਰ ਪੇਸ਼ ਕਰਦਿਆ ਇੱਕ ਕਵਿਤਾ ‘ਚਲਦੇ ਚਲੋ’ ਸੁਣਾਕੇ ਹਾਜ਼ਰੀ ਭਰੀ। ਅਪਣੀ ਬੁਲੰਦ ਅਵਾਜ਼ ਵਿੱਚ ਰਵੀ ਜਨਾਗਲ ਨੇ ਪ੍ਰਸਿੱਧ ਸ਼ਾਇਰ ਸੰਤ ਰਾਮ ਉਦਾਸੀ ਦੀ ਕਵਿਤਾ ‘ਮਰਦਾਨੇ ਦੇ ਨਾਂ ਇੱਕ ਖ਼ਤ ਮਰਦਾਨੇ ਦੀ ਸੁਪਤਨੀ ਵੱਲੋਂ’ ਸੁਣਾਈ। ਸੁਖਵਿੰਦਰ ਸਿੰਘ ਤੂਰ ਨੇ ਅਪਣੀ ਸੁਰੀਲੀ ਅਤੇ ਬੁਲੰਦ ਅਵਾਜ਼ ਵਿੱਚ ਸ਼ਹੀਦ ਉਧਮ ਸਿੰਘ ਦੀ ਵਾਰ ਸੁਣਾ ਕੇ ਜ਼ਿਲਿ੍ਹਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕੀਤਾ। ਮਾ. ਜੀਤ ਸਿੰਘ ਸਿੱਧੂ ਨੇ ਹਮੇਸ਼ਾ ਦੀ ਤਰ੍ਹਾਂ ਅਪਣੇ ਵਿਲੱਖਣ ਅੰਦਾਜ਼ ਵਿੱਚ ਕਵਿਤਾ ਸੁਣਾਈ। ਕੈਲਗਰੀ ਦੀ ਨਾਮਵਰ ਕਹਾਣੀਕਾਰਾ ਸਤਪਾਲ ਕੌਰ ਬੱਲ ਨੇ ਪਹਿਲੇ ਸੰਸਾਰ ਜੰਗ ਦੇ ਜੋਧਿਆਂ ਦੀ ਸ਼ਤਾਬਦੀ ‘ਤੇ ਉਨ੍ਹਾਂ ਦੀਆਂ ਕੀਤੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇੱਕ ਭਾਵਪੂਰਤ ਪਰਚਾ ਪੜ੍ਹਿਆ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ। ਜਰਨੈਲ ਸਿੰਘ ਤੱਗੜ ਨੇ ਫੋਟੋਗ੍ਰਾਫ਼ੀ ਦੀ ਡਿਉਟੀ ਤਾਂ ਹਮੇਸ਼ਾਂ ਦੀ ਤਰ੍ਹਾਂ ਨਿਭਾਈ ਹੀ ਤੇ ਇੱਕ ਕਵਿਤਾ ਸੁਣਾ ਕੇ ਵਾਹ ਵਾਹ ਵੀ ਖੱਟੀ।
      ਪੰਜਾਬ ਤੋਂ ਆਏ ਪ੍ਰਸਿੱਧ ਕਵੀਸ਼ਰੀ ਜਥੇ (ਸਾਹੋਕੇ ਵਾਲੇ) ਨੇ ਬਾਬੂ ਰਜ਼ਬ ਅਲੀ ਦੀ ਲਿਖੀ ਕਵਿਤਾ ‘ਪੰਜਾਬ’ ਜਦੋਂ ਕਵੀਸ਼ਰੀ ਰੰਗ ਵਿੱਚ ਪੇਸ਼ ਕੀਤੀ ਤਾਂ ਸਰੋਤੇ ਭਾਵਿਕ ਹੋ ਗਏ। ਪੁਰਣੇ ਪੰਜਾਬ ਨੂੰ ਯਾਦ ਕਰਕੇ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਇਨ੍ਹਾਂ ਤੋਂ ਇਲਾਵਾ ਇਸ ਸਾਹਿਤਕ ਮਿਲਣੀ ਵਿੱਚ ਸਤਨਾਮ ਸਿੰਘ ਢਾਅ, ਕੈਲਗਰੀ ਦੇ ਨਾਮਵਰ ਹਾਕੀ ਕੋਚ ਗੁਰਦੇਵ ਸਿੰਘ ਬੱਲ, ਪੋ੍ਰ. ਸੁਖਵਿੰਦਰ ਸਿੰਘ ਥਿੰਦ, ਤੇਜਾ ਸਿੰਘ ਥਿਆੜਾ, ਰਾਜਾ ਸਿੰਘ ਗਾਲਬ ਗਿੱਲ, ਸਵਰਨ ਸਿੰਘ, ਪਿੰ੍ਰਸੀਪਲ ਜੋਗਿੰਦਰ ਸਿੰਘ ਢਿੱਲੋਂ, ਸੇਵਾ ਸਿੰਘ ਬੁਚੱਸ ਨੇ ਹਾਜ਼ਰੀ ਭਰੀ। ਇਹ ਸਾਹਿਤਕ ਮੀਟਿੰਗ ਪੂਰੇ ਚਾਰ ਘੰਟੇ ਚੱਲੀ। ਸਮੇਂ ਦੀ ਘਾਟ ਅਤੇ ਬੁਲਾਰੇ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਬੁਲਰਿਆਂ ਕੋਲ਼ੋ ਮੁਆਫ਼ੀ ਮੰਗਣੀ ਪਈ।
      ਅਖ਼ੀਰ ਤੇ ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਅਗਲੇ ਮਹੀਨੇ ਦੀ  ਮੀਟਿੰਗ ਦਸੰਬਰ 10, 2018 ਨੂੰ ਕੋਸੋ ਹਾਲ ਵਿੱਚ ਹੋਣ ਦੀ ਸੂਚਨਾ ਦਿੱਤੀ। ਹੋਰ ਜਾਣਕਾਰੀ ਲਈ 403-590-1403 ‘ਤੇ ਸਤਪਾਲ ਕੌਰ ਬੱਲ ਨੂੰ, ਅਤੇ 403-681-3132 ‘ਤੇ ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ।