ਅਮਰੀਕਾ ’ਚ ਖਰਚ ਬਾਰੇ ਸਹਿਮਤੀ ਨਾ ਹੋਣ ’ਤੇ ਸਰਕਾਰੀ ਕੰਮਕਾਜ ਠੱਪ

ਸੰਘੀ ਖਰਚ ਬਿੱਲ ਪਾਸ ਕੀਤੇ ਬਿਨਾਂ ਅਤੇ ਮੈਕਸਿਕੋ ਸੀਮਾ ’ਤੇ ਦੀਵਾਰ ਬਣਾਉਣ ਲਈ ਧਨ ਮੁਹੱਈਆ ਕਰਵਾਉਣ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੰਗ ਦਾ ਹੱਲ ਕੀਤੇ ਬਿਨਾਂ ਅਮਰੀਕੀ ਕਾਂਗਰਸ ਦੀ ਕਾਰਵਾਈ ਸ਼ੁੱਕਰਵਾਰ ਨੂੰ ਮੁਲਤਵੀ ਹੋ ਜਾਣ ਤੋਂ ਬਾਅਦ ਅੱਜ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਠੱਪ ਹੋ ਗਿਆ। ਇਹ ਮੌਜੂਦਾ ਸਾਲ ਵਿੱਚ ਤੀਜੀ ਵਾਰ ਅਮਰੀਕਾ ’ਚ ਸਰਕਾਰੀ ਕੰਮਕਾਜ ਠੱਪ ਹੋਇਆ ਹੈ।
ਅੱਜ ਸਵੇਰੇ 12.01 ਵਜੇ (ਜੀਐੱਮਟੀ ਸਮੇਂ ਅਨੁਸਾਰ 5.01) ’ਤੇ ਕਈ ਅਹਿਮ ਏਜੰਸੀਆਂ ਦਾ ਕੰਮਕਾਜ ਬੰਦ ਹੋ ਗਿਆ। ਇਸ ਤੋਂ ਪਹਿਲਾਂ ਕੈਪੀਟਲ ਹਿੱਲ ’ਚ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਤੇ ਅਮਰੀਕੀ ਕਾਂਗਰਸ ਦੇ ਦੋਵੇਂ ਦਲਾਂ ਦੇ ਆਗੂਆਂ ਵਿਚਾਲੇ ਆਖ਼ਰੀ ਗੱਲਬਾਤ ਤੱਕ ਕੋਈ ਸਹਿਮਤੀ ਨਾ ਬਣ ਸਕੀ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸ ਜਤਾਈ ਹੈ ਕਿ ਇਹ ਬੰਦ ਲੰਬਾ ਨਹੀਂ ਚੱਲੇਗਾ। ਟਰੰਪ ਨੇ ਟਵਿਟਰ ’ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਇਹ ਗੱਲ ਕਹੀ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਮੈਕਸਿਕੋ-ਅਮਰੀਕਾ ਸੀਮਾ ’ਤੇ ਦੀਵਾਰ ਬਣਾਉਣ ਲਈ ਪੰਜ ਅਰਬ ਅਮਰੀਕੀ ਡਾਲਰ ਦੀ ਮੰਗ ਕਰ ਰਹੇ ਹਨ, ਪਰ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਸਮਝੌਤਾ ਨਾ ਹੋ ਸਕਣ ਕਾਰਨ ਦਰਜਨਾਂ ਏਜੰਸੀਆਂ ਲਈ ਸੰਘੀ ਫੰਡ 12 ਵੱਜਣ ਸਾਰ ਖ਼ਤਮ ਹੋ ਗਏ। ਹਾਲਾਂਕਿ, ਹੁਣੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਬੰਦ ਕਿੰਨੇ ਸਮੇਂ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਰੀਬ ਅੱਠ ਲੱਖ ਸਰਕਾਰੀ ਕਰਮਚਾਰੀਆਂ ਨੂੰ ਜਾਂ ਤਾਂ ਛੁੱਟੀ ਦਿੱਤੀ ਜਾਵੇਗੀ ਜਾਂ ਫਿਰ ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਬਿਨਾਂ ਤਨਖ਼ਾਹ ਕੰਮ ’ਤੇ ਸੱਦਿਆ ਜਾਵੇਗਾ। ਸੈਨਾ ਤੇ ਸਿਹਤ ਅਤੇ ਮਨੁੱਖੀ ਸੇਵਾ ਮੰਤਰਾਲੇ ਸਮੇਤ ਸਰਕਾਰ ਦੇ ਤਕਰੀਬਨ ਤਿੰਨ-ਚੌਥਾਈ ਵਿਭਾਗਾਂ ਲਈ ਸਤੰਬਰ 2019 ਤੱਕ ਲਈ ਰਾਸ਼ੀ ਦਾ ਇੰਤਜ਼ਾਮ ਹੈ। ਅੱਜ ਤੱਕ ਸਿਰਫ਼ 25 ਫੀਸਦ ਵਿਭਾਗਾਂ ਲਈ ਪੈਸੇ ਦਾ ਇੰਤਜ਼ਾਮ ਨਹੀਂ ਹੋ ਸਕਿਆ। ਨਾਸਾ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਛੁੱਟੀ ’ਤੇ ਭੇਜਿਆ ਜਾਵੇਗਾ। ਵਣਜ ਮੰਤਰਾਲੇ, ਗ੍ਰਹਿ ਸੁਰੱਖਿਆ, ਨਿਆਂ, ਖੇਤੀ ਅਤੇ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਵੀ ਛੁੱਟੀ ’ਤੇ ਭੇਜਿਆ ਜਾਵੇਗਾ।
ਉੱਧਰ, ਰਾਸ਼ਟਰਪਤੀ ਡੋਨਲਡ ਟਰੰਪ ਨੇ ਬੰਦ ਲਈ ਸਿਆਸੀ ਵਿਰੋਧੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਹ ਬਹੁਤ ਲੰਬੇ ਸਮੇਂ ਤੱਕ ਕੰਮਕਾਜ ਠੱਪ ਰਹਿਣ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।