ਅਮਨ ਲਈ ਦੇਵਾਂਗੇ ਹਰ ਕੁਰਬਾਨੀ: ਬਾਦਲ

ਕਾਂਗਰਸ ’ਤੇ ਸੂਬੇ ਨੂੰ ਕਾਲੇ ਦੌਰ ਵੱਲ ਧੱਕਣ ਦਾ ਲਾਇਆ ਦੋਸ਼;

ਸਿੱਧੂ ਤੇ ਜਾਖੜ ਰਹੇ ਨਿਸ਼ਾਨੇ ’ਤੇ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਵਿੱਚ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਭਾਈਚਾਰੇ ਨੂੰ ਬਚਾਈ ਰੱਖਣ ਲਈ ਆਪਣੀ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕੱਟੜਪੰਥੀ ਉਨ੍ਹਾਂ ਨੂੰ ਰੈਲੀ ਵਿੱਚ ਮਾਰਨ ਲਈ ਆਏ ਸਨ ਅਤੇ ਸੂਚਨਾ ਮੁਤਾਬਕ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਜਾਂ ਧਮਕੀਆਂ ਤੋਂ ਉਹ ਡਰਨ ਤੇ ਘਬਰਾਉਣ ਵਾਲੇ ਨਹੀਂ ਹਨ। ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਖਾਲਸਾ ਪੰਥ ਵੱਲੋਂ ਨਕਾਰੇ ਗਏ ਕੁਝ ਅਨਸਰਾਂ ਵੱਲੋਂ ਪੰਜਾਬ ਨੂੰ 1980 ਦੇ ਦਹਾਕੇ ਵਾਲੇ ਕਾਲੇ ਦੌਰ ਵਿੱਚ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਰਮ ਖਿਆਲੀ ਆਗੂਆਂ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੂੰ ਕਾਂਗਰਸ ਦੀਆਂ ‘ਕਠਪੁਤਲੀਆਂ’ ਕਰਾਰ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ਮਗਰੋਂ ਬੇਅਦਬੀ ਦੀਆਂ 73 ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਪਾਰਟੀ ਵੱਲੋਂ ਸਿੱਖ ਗੁਰਧਾਮਾਂ ਅਤੇ ਸ੍ਰੋਮਣੀ ਕਮੇਟੀ ’ਤੇ ਕਬਜ਼ੇ ਲਈ ‘ਪਾੜੋ ਅਤੇ ਰਾਜ ਕਰੋ’ ਦਾ ਪੁਰਾਣਾ ਫਾਰਮੂਲਾ ਅਪਣਾਇਆ ਜਾ ਰਿਹਾ ਹੈ। ਬੇਦਅਬੀ ਕਾਂਡ ਤੋਂ ਵਾਪਰੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵਿਵਾਦਾਂ ’ਚ ਘਿਰੇ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਫਰੀਦਕੋਟ ਵਿੱਚ ਰੈਲੀ ਰੱਖੀ ਸੀ। ਇਸ ਦੌਰਾਨ ਅੱਜ ਗਰਮ ਧੜੇ ਦੇ ਤਿੰਨ ਸੌ ਤੋਂ ਵੱਧ ਸਿੱਖ ਆਗੂਆਂ ਤੇ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਪੰਥਕ ਧਿਰਾਂ ਨੂੰ ਕਰੀਬ ਦੋ ਘੰਟੇ ਤੱਕ ਰੋਕੀ ਰੱਖਿਆ। ਜਦੋਂ ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਥਕ ਧਿਰਾਂ ਨੇ ਆਖਰੀ ਬੈਰੀਕੇਡ ਵੀ ਪੁੱਟ ਦਿੱਤਾ ਅਤੇ ਰੈਲੀ ਵੱਲ ਵਧਣ ਵਧਣ ਲੱਗੇ। ਹਥਿਆਰਾਂ ਨਾਲ ਲੈਸ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਦੇ ਸ਼ਹਿਰ ਵਿੱਚ ਲੱਗੇ ਫਲੈਕਸ ਬੋਰਡ ਫਾੜ ਦਿੱਤੇ। ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਤੇ ਆਗੂਆਂ ਦੇ ਵਾਹਨ ਜਦੋਂ ਵਾਪਸ ਜਾਣ ਲੱਗੇ ਤਾਂ ਗਰਮ ਦਲੀਆਂ ਨੇ ਜੁਬਲੀ ਸਿਨੇਮਾ ਚੌਕ ਅਤੇ ਰੇਲਵੇ ਸਟੇਸ਼ਨ ਨੇੜੇ ਦੋ ਬੱਸਾਂ ਨੂੰ ਭੰਨ ਦਿੱਤਾ ਜਦੋਂ ਕਿ ਕੋਤਵਾਲੀ ਸਾਹਮਣੇ ਇੱਕ ਕਾਰ ਤੋੜ ਦਿੱਤੀ। ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਰੋਕਣ ਅਤੇ ਭੰਨ ਤੋੜ ਕਰਨ ਦੇ ਦੋਸ਼ੀਆਂ ਖਿਲਾਫ਼ ਪਰਚੇ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਬਰਗਾੜੀ-ਫਰੀਦਕੋਟ ਰੋਡ ਤੋਂ ਅਕਾਲੀ ਦਲ ਦੇ ਵਰਕਰ ਰੈਲੀ ਵਿੱਚ ਨਹੀਂ ਆ ਸਕਦੇ ਸੀ। ਇਸ ਸੜਕ ਤੋਂ ਇਲਾਵਾ ਕੋਈ ਵੀ ਸੜਕ ਅਜਿਹੀ ਨਹੀਂ ਸੀ ਜੋ ਫਰੀਦਕੋਟ ਆਉਂਦੀ ਹੋਵੇ। ਰੇਲਵੇ ਪੁਲ ਬਣਨ ਕਾਰਨ ਤਲਵੰਡੀ ਰੋਡ ਮੁਕੰਮਲ ਤੌਰ ’ਤੇ ਬੰਦ ਹੈ ਅਤੇ ਚਹਿਲ ਰੋਡ ਵਾਲੇ ਨਹਿਰਾਂ ਦਾ ਪੁਲ ਵੀ ਖਸਤਾ ਹਾਲ ਕਾਰਨ ਬੰਦ ਕੀਤਾ ਗਿਆ ਹੈ। ਇਸ ਲਈ ਅਕਾਲੀ ਦਲ ਨੂੰ ਫਿਰੋਜ਼ਪੁਰ ਅਤੇ ਮੁਕਤਸਰ ਵਾਲੇ ਪਾਸਿਆਂ ਤੋਂ ਫਰੀਦਕੋਟ ਆਉਣਾ ਪਿਆ। ਅਕਾਲੀ ਦਲ ਦੇ ਪ੍ਰਮੁੱਖ ਬੁਲਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਨਵਜੋਤ ਸਿੱਧੂ ‘ਤੇ ਨਿਸ਼ਾਨੇ ਸੇਧੇ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੇ ਬੇਅਦਬੀ ਕਾਂਡ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬੋਲਣ ਦੀ ਥਾਂ ਸਾਕਾ ਨੀਲਾ ਤਾਰਾ ਅਤੇ ‘84 ਦੇ ਦੰਗਿਆਂ ਬਾਰੇ ਬੋਲਣ ਨੂੰ ਹੀ ਪਹਿਲ ਦਿੱਤੀ। ਕਰੀਬ ਤਿੰਨ ਘੰਟੇ ਚੱਲੀ ਇਸ ਰੈਲੀ ਨੂੰ ਬਲਵਿੰਦਰ ਸਿੰਘ ਭੂੰਦੜ, ਬਿਕਰਮਜੀਤ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਬੀਬੀ ਜੰਗੀਰ ਕੌਰ, ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਮਨਤਾਰ ਸਿੰਘ ਬਰਾੜ ਨੇ ਸੰਬੋਧਨ ਕੀਤਾ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਇਸ ਰੈਲੀ ਵਿੱਚ ਰੋਕਾਂ ਦੇ ਬਾਵਜੂਦ ਰਿਕਾਰਡ ਤੋੜ ਇਕੱਠ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰੈਲੀ ਦੀ ਸਫ਼ਲਤਾ ਲਈ ਵਰਕਰ ਗੋਲਡ ਮੈਡਲ ਦੇ ਹੱਕਦਾਰ ਹਨ। ਇਸ ਰੈਲੀ ਨੂੰ ਭਾਜਪਾ ਆਗੂ ਰਜਿੰਦਰ ਕੁਮਾਰ ਭੰਡਾਰੀ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਲਖਵੀਰ ਸਿੰਘ ਅਰਾਈਆਂਵਾਲਾ, ਨਵਦੀਪ ਸਿੰਘ ਬੱਬੂ ਬਰਾੜ, ਦਲਜੀਤ ਸਿੰਘ, ਚਰਨਜੀਤ ਸਿੰਘ ਅਟਵਾਲਾ, ਸਿਕੰਦਰ ਸਿੰਘ ਮਲੂਕਾ ਆਦਿ ਨੇ ਵੀ ਸੰਬੋਧਨ ਕੀਤਾ।