ਅਪਰੇਸ਼ਨਜ਼ ਕਮਾਂਡਰ ਤੋਂ ਬਿਨਾਂ ਕੰਮ ਕਰ ਰਹੀ ਹੈ ਐਨਐਸਜੀ

ਦਹਿਸ਼ਤੀ ਹਮਲਿਆਂ ਖਿਲਾਫ਼ ਵਿਸ਼ੇਸ਼ ਦਸਤੇ ਦੀ ਤਿਆਰੀ ਤੇ ਯੋਜਨਾਬੰਦੀ ’ਤੇ ਉੱਠਣ ਲੱਗੇ ਸਵਾਲ

ਭਾਰਤ ਦਾ ਦਹਿਸ਼ਤਗਰਦੀ ਦੇ ਟਾਕਰੇ ਵਾਲਾ ਵਿਸ਼ੇਸ਼ ਬਲ ਐਨਐਸਜੀ ਪਿਛਲੇ ਛੇ ਮਹੀਨਿਆਂ ਤੋਂ ਨਿਯਮਤ ਮਿਲਟਰੀ ਅਪਰੇਸ਼ਨਜ਼ ਕਮਾਂਡਰ ਤੋਂ ਬਿਨਾਂ ਹੀ ਕੰਮ ਕਰ ਰਿਹਾ ਹੈ ਜਿਸ ਨਾਲ ਇਸ ਦੀ ਕਾਰਗਰਤਾ ਤੇ ਹੰਗਾਮੀ ਸੂਰਤ ਵਿਚ ਹਮਲੇ ਲਈ ਤਿਆਰ ਰਹਿਣ ਦੀ ਯੋਜਨਾਬੰਦੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਐਨਐਸਜੀ ਨੇ ਹਾਲ ਹੀ ਵਿਚ ਗ੍ਰਹਿ ਮੰਤਰਾਲੇ ਜਿਸ ਦੇ ਅਧੀਨ ਇਹ ਬਲ ਕੰਮ ਕਰਦਾ ਹੈ, ਨੂੰ ਦਖ਼ਲ ਦੇਣ ਤੇ ਥਲ ਸੈਨਾ ਤੋਂ ਕੋਈ ਅਫ਼ਸਰ ਨਿਯੁਕਤ ਕਰਵਾਉਣ ਲਈ ਕਿਹਾ ਸੀ। ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਇੰਸਪੈਕਟਰ ਜਨਰਲ ਅਪਰੇਸ਼ਨਜ਼ ਦੇ ਅਹੁਦੇ ’ਤੇ ਥਲ ਸੈਨਾ ਦੇ ਮੇਜਰ ਜਨਰਲ ਰੈਂਕ ਦਾ ਇਕ ਅਫ਼ਸਰ ਡੈਪੂਟੇਸ਼ਨ ’ਤੇ ਨਿਯੁਕਤ ਕੀਤਾ ਹੋਇਆ ਹੈ। ਇਹ ਅਹੁਦਾ ਪਿਛਲੇ ਅਪਰੈਲ ਮਹੀਨੇ ਤੋਂ ਖਾਲੀ ਪਿਆ ਹੈ ਜਦੋਂ ਤਤਕਾਲੀ ਆਈਜੀ ਮੇਜਰ ਜਨਰਲ ਸ਼ਸ਼ਾਂਕ ਮਿਸ਼ਰਾ ਤਰੱਕੀ ਮਿਲਣ ’ਤੇ ਆਪਣੇ ਕੇਡਰ ਵਿਚ ਵਾਪਸ ਚਲੇ ਗਏ ਸਨ। ਐਨਐਸਜੀ ਦੇ ਤੰਤਰ ਵਿੱਚ ਕਾਊਂਟਰ ਟੈਰਰ ਤੇ ਕਾਊਂਟਰ ਹਾਈਜੈਕ ਕਮਾਂਡੋ ਯੂਨਿਟਾਂ ਦਿੱਲੀ ਵਿਚ ਐਨਐਸਜੀ ਹੈੱਡਕੁਆਰਟਰਜ਼ ਵਿਚ ਆਈਜੀ (ਅਪਰੇਸ਼ਨਜ਼) ਦੀ ਸਮੁੱਚੀ ਕਮਾਂਡ ਹੇਠ ਆਉਂਦੀਆਂ ਹਨ। ਐਨਐਸਜੀ ਦਾ ਡਾਇਰੈਕਟਰ ਜਨਰਲ ਆਈਪੀਐਸ ਅਫ਼ਸਰ ਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਨਵੇਂ ਮੇਜਰ ਜਨਰਲ ਰੈਂਕ ਦੇ ਅਫ਼ਸਰ ਨੂੰ ਐਨਐਸਜੀ ਵਿਚ ਨਿਯੁਕਤ ਨਹੀਂ ਕੀਤਾ ਗਿਆ ਜਿਸ ਕਰ ਕੇ ਫੋਰਸ ਦੇ ਇਕ ਹੋਰ ਆਈਜੀ (ਆਈਪੀਐਸ ਅਫ਼ਸਰ) ਕੋਲ ਹੀ ਇਹ ਵਾਧੂ ਚਾਰਜ ਹੈ। ਕਿਹਾ ਜਾ ਰਿਹਾ ਹੈ ਕਿ ਫ਼ੌਜ ਤੋਂ ਢੁਕਵੇਂ ਅਫ਼ਸਰ ਨਾ ਮਿਲਣ ਕਰ ਕੇ ਇਹ ਅਹੁਦਾ ਖਾਲੀ ਪਿਆ ਹੈ। ਐਨਐਸਜੀ ਦੇ ਅਪਰੇਸ਼ਨਾਂ ਨਾਲ ਜੁੜੇ ਇਕ ਅਫ਼ਸਰ ਨੇ ਦੱਸਿਆ ‘‘ ਜਦੋਂ ਕਿਸੇ ਕਾਰਜ ਲਈ ਕਮਾਂਡੋ ਤਾਇਨਾਤ ਕੀਤੇ ਜਾਂਦੇ ਹਨ ਤਾਂ ਆਈਜੀ ਅਪਰੇਸ਼ਨਜ਼ ਜ਼ਮੀਨੀ ਸਤਹਿ ’ਤੇ ਯੋਜਨਾਬੰਦੀ ਤੇ ਅਪਰੇਸ਼ਨਾਂ ਦੇ ਅਮਲ ਲਈ ਜ਼ਿੰਮੇਵਾਰ ਹੁੰਦਾ ਹੈ।’’ ਇਹੀ ਕਾਰਨ ਹੈ ਕਿ ਆਈਜੀ ਅਪਰੇਸ਼ਨਜ਼ ਫ਼ੌਜ ਤੋਂ ਲਿਆ ਜਾਂਦਾ ਹੈ ਕਿਉਂਕਿ ਐਨਐਸਜੀ-51 ਐਸਏਜੀ ਅਤੇ 52 ਐਸਏਜੀ ਦੋਵੇਂ ਲੜਾਕਾ ਯੂਨਿਟਾਂ ਦੇ ਅਫ਼ਸਰ ਤੇ ਜਵਾਨ ਭਾਰਤੀ ਫ਼ੌਜ ਦੇ ਸਪੈਸ਼ਲ ਫੋਰਸਿਜ਼ ਤੇ ਇਨਫੈਂਟਰੀ ਤੋਂ ਲਏ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ਦਰਮਿਆਨ ਆਪਸੀ ਤਾਲਮੇਲ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਐਨਐਸਜੀ ਦੇ ਡੀਜੀ ਸੁਦੀਪ ਲਖਟਕੀਆ ਨੇ ਨਿਯਮਤ ਆਈਜੀ ਅਪਰੇਸ਼ਨਜ਼ ਦੀ ਬਹੁਤ ਅਹਿਮੀਅਤ ਹੈ ਪਰ ਉਨ੍ਹਾਂ ਨੂੰ ਆਪਣੇ ਡਿਪਟੀ ਆਈਜੀ ਅਪਰੇਸ਼ਨਜ਼ ਤੇ ਫੋਰਸ ਕਮਾਂਡਰ (ਬ੍ਰਿਗੇਡੀਅਰ ਰੈਂਕ ਅਫ਼ਸਰ) ਦੀ ਕਾਬਲੀਅਤ ’ਤੇ ਪੂਰਾ ਭਰੋਸਾ ਹੈ।