ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰੰਭਿਆ ਮੋਰਚਾ ਅੱਜ ਅਠੱਵੇਂ ਦਿਨ ਵੀ ਭਖਿਆ ਰਿਹਾ| ਭਾਵੇਂ ਮਰਨ ਵਰਤ ’ਤੇ ਬੈਠੀਆਂ ਅਧਿਆਪਕਾਵਾਂ ਦੀ ਹਾਲਤ ਵਿਗੜ ਰਹੀ ਹੈ, ਪ੍ਰੰਤੂ ਸੰਘਰਸ਼ ਦੇ ਜਨੂੰਨ ’ਚ ਉਹ ਪਿੱਛੇ ਨਹੀਂ ਮੁੜਣਾ ਚਾਹੁੰਦੀਆਂ| ਮਰਨ ਵਰਤ ’ਤੇ ਬੈਠੀਆਂ ਦੋ ਅਧਿਆਪਕਾਵਾਂ ਅੱਜ ਬੁਖਾਰ ਤੋਂ ਪੀੜਤ ਰਹੀਆਂ, ਜਦੋਂ ਕਿ ਇੱਕ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ| ਅਧਿਆਪਕਾਂ ਦੀਆਂ ਮੰਗਾਂ ਨੂੰ ਸਮਰਥਨ ਦੇਣ ਲਈ ਮੋਰਚੇ ’ਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਹਾਜ਼ਰੀ ਲਵਾਉਂਦੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਵੀ ਉਚੇਚੇ ਤੌਰ ’ਤੇ ਧਰਨੇ ਵਾਲੀ ਥਾਂ ਉਪਰ ਪਹੁੰਚੇ। ਸ੍ਰੀ ਚੰਦੂਮਾਜਰਾ ਨੇ ਸੰਘਰਸ਼ੀ ਅਧਿਆਪਕਾਂ ਦੇ ਨਾਲ ਨਾਅਰੇਬਾਜ਼ੀ ਕੀਤੀ ਅਤੇ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਜ਼ਰੀਏ ਘੇਰਨ ਦਾ ਐਲਾਨ ਵੀ ਕੀਤਾ| ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਅਧਿਆਪਕਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਐਚਆਰਡੀ ਮੰਤਰੀ ਨੂੰ ਮਿਲ ਕੇ ਸੂਬੇ ਨੂੰ ਭੇਜੀਆਂ ਜਾਣ ਵਾਲੀਆਂ ਗ੍ਰਾਂਟਾਂ ’ਤੇ ਰੋਕ ਲਗਵਾਈ ਜਾਵੇਗੀ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਸਐਸਏ, ਰਮਸਾ ਅਤੇ ਹੋਰ ਅਧਿਆਪਕਾਂ ਦੇ ਮਾਮਲੇ ਵਿੱਚ ਸ਼ਰੇਆਮ ਐਕਟ ਦੀਆਂ ਧੱਜੀਆਂ ਉਡਾ ਰਹੀ ਹੈ| ਉਨ੍ਹਾਂ ਦੱਸਿਆ ਕਿ ਕੇਂਦਰੀ ਐਕਟ ਅਨੁਸਾਰ ਉਕਤ ਸਾਰੇ ਅਧਿਆਪਕਾਂ ਨੂੰ ਡਿਪਾਰਟਮੈਂਟਲ ਅਧਿਆਪਕ ਹੀ ਮੰਨਿਆ ਜਾਂਦਾ ਹੈ ਪਰ ਹੁਣ ਸਰਕਾਰ ਝੂਠ ਬੋਲ ਕੇ ਸਚਾਈ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ| ਸੰਸਦ ਮੈਂਬਰ ਨੇ ਕਿਹਾ ਕਿ ਅਕਾਲੀ ਦਲ ਦਾ ਇਕ ਵਫ਼ਦ ਸੂਬੇ ਦੇ ਰਾਜਪਾਲ ਨੂੰ ਮਿਲੇਗਾ ਅਤੇ ਸਿੱਖਿਆ ਸਕੱਤਰ ਵੱਲੋਂ ਸਰਕਾਰ ਨੂੰ ਗੁਮਰਾਹ ਕੀਤੇ ਜਾਣ ਬਾਰੇ ਸੂਚਿਤ ਕਰੇਗਾ| ਇਸ ਮੌਕੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ ਤੇ ਕਈ ਹੋਰ ਆਗੂ ਧਰਨੇ ਵਿੱਚ ਹਾਜ਼ਰ ਸਨ।
INDIA ਅਧਿਆਪਕ ਪੱਕੇ ਹੋਣ ਤੱਕ ਮੋਰਚੇ ’ਤੇ ਡਟੇ