ਪੰਜਾਬ ਕੈਬਨਿਟ ਵੱਲੋਂ ਐਸ.ਐਸ.ਏ, ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਮੁਢਲੀ ਤਨਖਾਹ ’ਤੇ ਵਿਭਾਗ ਵਿੱਚ ਰੈਗੂਲਰ ਕਰਨ ਦਾ ਫੈਸਲਾ ਲੈ ਲਿਆ। ਅਧਿਆਪਕਾਂ ਵਿੱਚ ਇਸ ਫੈਸਲੇ ਨਾਲ ਖੁਸ਼ੀ ਦਾ ਥਾਂ ’ਤੇ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਨਿਰਾਸ਼ਾ ਤੇ ਰੋਸ ਦਾ ਪ੍ਰਦਰਸ਼ਨ ਉਸ ਸਮੇਂ ਹੋਇਆ, ਜਦੋਂ ਅਧਿਆਪਕਾਂ ਨੇ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਸਾੜੀ। ਅਰਥੀ ਸਾੜਨ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਰਾਜਵਿੰਦਰ ਸਿੰਘ ਨੇ ਕਿਹਾ ਕਿ ਇਹ ਅਧਿਆਪਕ ਪਿਛਲੇ 10 ਸਾਲਾਂ ਤੋਂ ਠੇਕੇ ‘ਤੇ ਨੌਕਰੀ ਕਰਦੇ ਆ ਰਹੇ ਹਨ ਤੇ 2012 ਵਿੱਚ ਇਨ੍ਹਾਂ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪੰਜਾਬ ਸਰਕਾਰ ਵੱਲੋਂ ਪੂਰੀ ਤਨਖਾਹ ਦੇਣ ਦਾ ਫੈਸਲਾ ਕਰ ਲਿਆ ਗਿਆ ਸੀ, ਪਰ ਇਨ੍ਹਾਂ ਨੂੰ ਰੈਗੂਲਰ ਵਿਭਾਗ ਵਿੱਚ ਮੁਲਾਜ਼ਮ ਨਹੀਂ ਮੰਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਅਧਿਆਪਕ ਲਗਾਤਾਰ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਇਨ੍ਹਾਂ ਅਧਿਆਪਕਾਂ ਨੂੰ ਜਦੋਂ ਰੈਗੂਲਰ ਕਰਨ ਦਾ ਫੈਸਲਾ ਸੁਣਾਇਆ ਤਾਂ ਇਨ੍ਹਾਂ ਦੀ ਮਿਲ ਰਹੀ ਤਨਖਾਹ ’ਤੇ ਕੁਝ ਕੱਟ ਲਗਾ ਦਿੱਤਾ ਤੇ ਮੁਢਲੀ ਤਨਖਾਹ 10300 ਤੇ ਤਿੰਨ ਸਾਲਾਂ ਲਈ ਹੋਰ ਠੇਕੇ ਉੱਤੇ ਕੰਮ ਕਰਨ ਦੀ ਸ਼ਰਤ ਲਗਾ ਦਿੱਤੀ ਹੈ। ਇਸ ਨਾਲ ਇਨ੍ਹਾਂ ਅਧਿਆਪਕਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਖਰਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਹ ਅਧਿਆਪਕ 2012 ਤੋਂ ਕੋਠਾ ਗੁਰੂ, ਬਠਿੰਡਾ ਤੇ ਰੋਪੜ ਵਿੱਚ ਪੁਲੀਸ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਨੂੰ ਭਰਤੀ ਵਾਲੇ ਦਿਨ ਤੋਂ ਰੈਗੂਲਰ ਮੰਨਿਆ ਜਾਵੇ, ਪੂਰੀਆਂ ਤਨਖਾਹਾਂ ਤੇ ਭੱਤੇ ਜਾਰੀ ਕੀਤੇ ਜਾਣ, ਪੁਲੀਸ ਕੇਸ ਰੱਦ ਕੀਤੇ ਜਾਣ।
INDIA ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ