ਅਗਸਤਾ ਵੈਸਟਲੈਂਡ: ਕ੍ਰਿਸਟੀਅਨ ਮਿਸ਼ੇਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕੌਪਟਰ ਕੇਸ ’ਚ ਕਥਿਤ ਵਿਚੋਲਗੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕ੍ਰਿਸਟੀਅਨ ਮਿਸ਼ੇਲ ਨੂੰ ਦਿੱਲੀ ਦੀ ਇਕ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਇਕ ਮਾਮਲੇ ’ਚ ਵਿਸ਼ੇਸ਼ ਜੱਜ ਕੋਲ ਮਿਸ਼ੇਲ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ। ਈਡੀ ਮਾਮਲੇ ਵਿਚ ਅਦਾਲਤ ਨੇ ਮਿਸ਼ੇਲ ਨੂੰ 26 ਫਰਵਰੀ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਹੈ ਜਦਕਿ ਸੀਬੀਆਈ ਕੇਸ ਵਿਚ ਉਸ ਦੀ ਹਿਰਾਸਤ 27 ਫਰਵਰੀ ਤੱਕ ਹੈ। ਮਿਸ਼ੇਲ ਨੂੰ ਦੁਬਈ ਦੀ ਅਥਾਰਿਟੀ ਨੇ ਭਾਰਤ ਦੇ ਸਪੁਰਦ ਕੀਤਾ ਸੀ ਤੇ 22 ਦਸੰਬਰ ਨੂੰ ਉਸ ਨੂੰ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਮਿਸ਼ੇਲ ਦੀ ਈਡੀ ਨੂੰ ਸੱਤ ਦਿਨ ਦੀ ਹਿਰਾਸਤ ਦਿੱਤੀ ਗਈ ਸੀ। ਸੀਬੀਆਈ ਕੇਸ ’ਚ ਉਹ ਤਿਹਾੜ ਜੇਲ੍ਹ ਵਿਚ ਬੰਦ ਸੀ। ਈਡੀ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਕ੍ਰਿਸਟੀਅਨ ਨੂੰ ਹੋਰ ਰੱਖਿਆ ਸੌਦਿਆਂ ਵਿਚ ਵੀ ਪੈਸਾ ਦਿੱਤਾ ਗਿਆ ਹੈ। ਏਜੰਸੀ ਮੁਤਾਬਕ ਮਿਸ਼ੇਲ ਨੂੰ ਅਗਸਤਾਵੈਸਟਲੈਂਡ ਘੁਟਾਲੇ ਵਿਚੋਂ 24.25 ਮਿਲੀਅਨ ਯੂਰੋ ਤੇ 1,60,96,245 ਪੌਂਡ ਹਾਸਲ ਹੋਏ ਹਨ। ਜਾਂਚ ਏਜੰਸੀ ਨੇ ਅਦਾਲਤ ਵਿਚ ਦੱਸਿਆ ਕਿ ਮਿਸ਼ੇਲ ਦੀਆਂ ਕਈ ਜਾਇਦਾਦਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਏਜੰਸੀ ਨੇ ਆਡਿਟ ਰਿਪੋਰਟ ਸਬੰਧੀ ਜਾਂਚ ਦਾ ਹਵਾਲਾ ਵੀ ਦਿੱਤਾ। ਏਜੰਸੀ ਨੇ ਅਦਾਲਤ ਕੋਲੋਂ ਮੰਗ ਕੀਤੀ ਕਿ ਮਿਸ਼ੇਲ ਨੂੰ ਹਿਰਾਸਤ ਦੌਰਾਨ ਵਕੀਲਾਂ ਨਾਲ ਨਾ ਮਿਲਣ ਦਿੱਤਾ ਜਾਵੇ। ਈਡੀ ਨੇ ਅਦਾਲਤ ਵਿਚ ਦਾਅਵਾ ਕੀਤਾ ਹੈ ਕਿ ਕ੍ਰਿਸਟੀਅਨ ਨੇ ਪੁੱਛਗਿੱਛ ਦੌਰਾਨ ‘ਮਿਸਿਜ਼ ਗਾਂਧੀ’ ਤੇ ਕੁਝ ਹੋਰਾਂ ਦਾ ਵੀ ਜ਼ਿਕਰ ਕੀਤਾ ਹੈ। ਈਡੀ ਨੇ ਕਿਹਾ ਕਿ ਮੁਲਜ਼ਮ ਬ੍ਰਿਟਿਸ਼ ਨਾਗਰਿਕ ਹੈ ਤੇ ਕਾਫ਼ੀ ਸੰਭਾਵਨਾ ਹੈ ਕਿ ਉਹ ਭਾਰਤ ਵਿਚੋਂ ਫਰਾਰ ਹੋ ਜਾਵੇ। ਇਸ ਲਈ ਹਿਰਾਸਤ ਜ਼ਰੂਰੀ ਹੈ।