ਏਸ਼ੀਅਨ ਫੁਟਬਾਲ ਕੱਪ: ਕਤਰ ਅਤੇ ਜਾਪਾਨ ਵਿਚਕਾਰ ਖਿਤਾਬੀ ਟੱਕਰ ਅੱਜ

ਜਪਾਨ ਏਸ਼ੀਅਨ ਫੁਟਬਾਲ ਕੱਪ ਵਿਚ ਜਿੱਤ ਦਾ ਮਜ਼ਬੂਤ ਦਾਅਵੇਦਾਰ ਹੈ ਪਰ ਪਹਿਲੀ ਵਾਰ ਫਾਈਨਲ ’ਚ ਖੇਡ ਰਹੇ ਕਤਰ ਦੇ ਖਿਡਾਰੀਆਂ ਨੂੰ ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਿਰ ਉੱਤੇ ਸ਼ੁੱਕਰਵਾਰ ਨੂੰ ਇੱਥੇ ਖ਼ਿਤਾਬ ਜਿੱਤਣ ਦੀ ਉਮੀਦ ਹੈ। ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਦੇ ਨਾਲ ਆਪਣੇ ਕਸ਼ੀਦਗੀ ਵਾਲੇ ਰਾਜਸੀ ਸਬੰਧਾਂ ਦੇ ਚੱਲਦਿਆਂ ਕਤਰ ਦੇ ਖਿਡਾਰੀਆਂ ਉੱਤੇ ਅਬੂਧਾਬੀ ਵਿਚ ਸੈਮੀ ਫਾਈਨਲ ’ਚ ਜਿੱਤ ਦੌਰਾਨ ਪਲਾਸਟਿਕ ਦੀਆਂ ਬੋਤਲਾਂ ਅਤੇ ਜੁੱਤੀਆਂ ਤੱਕ ਮਾਰੀਆਂ ਗਈਆਂ ਹਨ ਪਰ ਸਦਕੇ ਜਾਈਏ ਕਤਰੀ ਖਿਡਾਰੀਆਂ ਦੇ ਦਰਸ਼ਕ ਉਨ੍ਹਾਂ ਦਾ ਧਿਆਨ ਨਹੀਂ ਵੰਡ ਸਕੇ। ਕਤਰ ਨੇ ਅਬੂਧਾਬੀ ਵਿਚ ਸੰਯੁਕਤ ਅਰਬ ਅਮੀਰਾਤ ਨੂੰ 4-0 ਗੋਲਾਂ ਦੇ ਨਾਲ ਹਰਾਇਆ ਹੈ। ਇਸ ਤਰ੍ਹਾਂ ਦੀਆਂ ਸਥਿਤੀਆਂ ਨਾਲ ਨਜਿੱਠਣ ਵਾਲੇ 2022 ਦੇ ਵਿਸ਼ਵ ਕੱਪ ਦੇ ਮੇਜ਼ਬਾਨ ਕਤਰ ਦੇ ਖਿਡਾਰੀਆਂ ਦਾ ਮੰਨਣਾ ਹੈ ਕਿ ਹੁਣ ਉਨ੍ਹਾਂ ਦੇ ਕੋਲ ਜਪਾਨ ਦੇ ਖਿਡਾਰੀਆਂ ਤੋਂ ਡਰਨ ਦਾ ਕੋਈ ਕਾਰਨ ਮੌਜੂਦ ਨਹੀਂ ਹੈ। ਖਿਡਾਰੀ ਇਹ ਵੀ ਚਾਹੁਣਗੇ ਹਨ ਕਿ ਦੇਸ਼ ਵਿਚ ਫੁਟਬਾਲ ਦੇ ਮਾਹੌਲ ਨੂੰ ਗਰਮਾਉਣ ਦੇ ਲਈ ਏਸ਼ਿਆਈ ਕੱਪ ਆਪਣੇ ਦੇਸ਼ ਲੈ ਕੇ ਜਾਣ। ਦੂਜੇ ਪਾਸੇ ਰਿਕਾਰਡ ਚਾਰ ਏਸ਼ਿਆਈ ਖ਼ਿਤਾਬ ਜਿੱਤ ਵਾਲੇ ਜਪਾਨ ਨੇ ਸੈਮੀਫਾਈਨਲ ਵਿਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਇਰਾਨ ਨੂੰ 3-0 ਦੇ ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਹਾਜਿਮੇ ਮਾਰੀਆਸੂ ਦੇ ਕੋਚ ਬਣਨ ਤੋਂ ਬਾਅਦ ਜਪਾਨ ਦੀ ਟੀਮ ਪਿਛਲੇ ਗਿਆਰਾਂ ਮੈਚਾਂ ਦੇ ਵਿਚ ਅਜਿੱਤ ਹੈ। ਹੁਣ ਤੱਕ ਜਪਾਨ ਨੂੰ ਕਦੇ ਵੀ ਫਾਈਨਲ ਵਿਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਕਤਰ ਦੀ ਰੱਖਿਆ ਪੰਕਤੀ ਵੀ ਚੀਨ ਦੀ ਕੰਧ ਵਰਗੀ ਹੈ। ਉਸ ਵਿਰੁੱਧ ਪਿਛਲੇ ਛੇ ਮੈਚਾਂ ਵਿਚ ਇੱਕ ਵੀ ਗੋਲ ਨਹੀਂ ਹੋ ਸਕਿਆ ਪਰ ਇਹ ਵੀ ਸੱਚ ਹੈ ਕਿ ਕਤਰ ਨੂੰ ਅਜੇ ਤੱਕ ਜਾਪਾਨ ਦੀ ਟੀਮ ਵਰਗੀ ਮਜ਼ਬੂਤ ਟੀਮ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਹੁਣ ਕੁੰਢੀਆਂ ਦੇ ਸਿੰਙ ਘਸ ਗਏ ਹਨ ਤੇ ਪਤਾ ਫਾਈਨਲ ਹੋਣ ਤੋਂ ਬਾਅਦ ਹੀ ਲੱਗੇਗਾ। ਇਹ ਵੀ ਜ਼ਿਕਰਯੋਗ ਹੈਕਿ ਇਸ ਵਾਰ ਦਾ ਏਸ਼ਿਆਈ ਕੱਪ ਟੀਮਾਂ ਦੀ ਸ਼ਮੂਲੀਅਤ ਦੇ ਹਿਸਾਬ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਏਸ਼ਿਆਈ ਕੱਪ ਬਣ ਚੁੱਕਾ ਹੈ ਪਰ ਭਾਰਤੀ ਟੀਮ ਇੱਕ ਵਾਰ ਫਿਰ ਮੇਨ ਡਰਾਅ ਵਿਚ ਐਂਟਰ ਹੋਣ ਤੋਂ ਰਹਿ ਗਈ ਹੈ।