ਜੋਕੋਵਿਚ ਨੇ 7ਵਾਂ ਆਸਟਰੇਲਿਆਈ ਓਪਨ ਖ਼ਿਤਾਬ ਜਿੱਤਿਆ

ਦੁਨੀਆ ਦੇ ਨੰਬਰ ਇੱਕ ਸਰਬਿਆਈ ਖਿਡਾਰੀ ਨੋਵਾਕ ਜੋਕੋਵਿਚ ਨੇ ਬਿਹਤਰੀਨ ਟੈਨਿਸ ਦਾ ਨਜ਼ਾਰਾ ਪੇਸ਼ ਕਰਦਿਆਂ ਅੱਜ ਫਾਈਨਲ ਵਿੱਚ ਰਾਫੇਲ ਨਡਾਲ ਨੂੰ 6-3, 6-2, 6-3 ਨਾਲ ਹਰਾ ਦਿੱਤਾ ਅਤੇ ਰਿਕਾਰਡ ਸੱਤਵਾਂ ਆਸਟਰੇਲਿਆਈ ਓਪਨ ਖ਼ਿਤਾਬ ਜਿੱਤ ਲਿਆ। ਜੋਕੋਵਿਚ ਨੇ ਪੂਰੇ ਮੈਚ ਦੌਰਾਨ ਸਪੇਨ ਦੇ ਦੂਜਾ ਦਰਜਾ ਪ੍ਰਾਪਤ ਖਿਡਾਰੀ ’ਤੇ ਦਬਦਬਾ ਬਣਾਈ ਰੱਖਿਆ ਅਤੇ ਸਿਰਫ਼ ਦੋ ਘੰਟੇ ਚਾਰ ਮਿੰਟ ਤੱਕ ਚੱਲੇ ਮੁਕਾਬਲੇ ਨੂੰ ਜਿੱਤ ਕੇ ਇੱਥੇ ਰੌਡ ਲਾਵੇਰ ਏਰੇਨਾ ਵਿੱਚ ਆਪਣਾ 15ਵਾਂ ਗਰੈਂਡ ਸਲੈਮ ਖ਼ਿਤਾਬ ਹਾਸਲ ਕਰ ਲਿਆ। ਇਸ ਤਰ੍ਹਾਂ 31 ਸਾਲਾ ਜੋਕੋਵਿਚ ਆਸਟਰੇਲਿਆਈ ਓਪਨ ਪੁਰਸ਼ ਸਿੰਗਲਜ਼ ਖ਼ਿਤਾਬ ਦੇ ਮਾਮਲੇ ਵਿੱਚ ਰੋਜਰ ਫੈਡਰਰ ਅਤੇ ਰਾਏ ਐਮਰਸਨ ਤੋਂ ਅੱਗੇ ਨਿਕਲ ਗਿਆ, ਜਿਨ੍ਹਾਂ ਨੇ ਇੱਥੇ ਛੇ-ਛੇ ਟਰਾਫੀਆਂ ਜਿੱਤੀਆਂ ਹਨ। ਆਪਣੇ ਤਕੜੇ ਵਿਰੋਧੀ ਨੂੰ ਹਰਾਉਣ ਮਗਰੋਂ ਜੋਕੋਵਿਚ ਕੋਰਟ ’ਤੇ ਝੁਕਿਆ ਅਤੇ ਇਸ ਨੂੰ ਚੁੰਮਿਆ। ਇਹ ਜੋਕੋਵਿਚ ਅਤੇ ਨਡਾਲ ਦੀ 53ਵੀਂ ਟੱਕਰ ਸੀ ਅਤੇ ਓਪਨ ਡਬਲਜ਼ ਵਿੱਚ ਇੰਨ੍ਹੀ ਵਾਰ ਕੋਈ ਦੋ ਖਿਡਾਰੀ ਆਹਮੋ-ਸਾਹਮਣੇ ਨਹੀਂ ਹੋਏ। ਇਸ ਤੋਂ ਪਹਿਲਾਂ ਆਸਟਰੇਲੀਆ ਵਿੱਚ ਦੋਵਾਂ ਵਿਚਾਲੇ ਭੇੜ 2012 ਵਿੱਚ ਹੋਇਆ ਸੀ, ਜੋ ਗਰੈਂਡ ਸਲੈਮ ਦੇ ਇਤਿਹਾਸ ਦਾ ਸਭ ਤੋਂ ਲੰਮਾ ਮੈਚ ਰਿਹਾ ਸੀ, ਜੋ ਰਿਕਾਰਡ ਪੰਜ ਘੰਟੇ 53 ਮਿੰਟ ਤੱਕ ਚੱਲਿਆ ਸੀ, ਪਰ ਇਸ ਇਤਿਹਾਸਕ ਮੁਕਾਬਲੇ ਦਾ ਦੁਹਰਾਅ ਨਹੀਂ ਹੋ ਸਕਿਆ ਕਿਉਂਕਿ ਨਡਾਲ ਸ਼ੁਰੂ ਵਿੱਚ ਥੋੜ੍ਹਾ ਉਤੇਜਿਤ ਹੋ ਗਿਆ ਸੀ ਅਤੇ ਜੋਕੋਵਿਚ ਨੇ ਇਸ ਦਾ ਪੂਰਾ ਫ਼ਾਇਦਾ ਉਠਾਇਆ। ਸਪੇਨ ਦੇ ਇਸ ਖਿਡਾਰੀ ਦੀ ਪਹਿਲੇ ਗੇੜ ਦੇ ਤੀਜੇ ਸੈੱਟ ਮਗਰੋਂ ਸਰਵਿਸ ਨਹੀਂ ਟੁੱਟੀ ਸੀ, ਪਰ ਸਰਬਿਆਈ ਖਿਡਾਰੀ ਸਾਹਮਣੇ ਇਹ ਲੈਅ ਟੁੱਟ ਗਈ। ਜੋਕੋਵਿਚ ਦਾ ਆਪਣੇ ਸ਼ਾਟ ’ਤੇ ਕੰਟਰੋਲ ਲਾਜਵਾਬ ਸੀ ਅਤੇ ਉਸ ਨੇ ਪਹਿਲੇ ਚਾਰ ਸਰਵਿਸ ਗੇਮ ਇੱਕ ਵੀ ਅੰਕ ਗੁਆਏ ਬਿਨਾਂ ਜਿੱਤ ਲਏ ਅਤੇ ਪਹਿਲਾ ਸੈੱਟ ਸਿਰਫ਼ 36 ਮਿੰਟ ਵਿੱਚ ਆਪਣੇ ਨਾਮ ਕਰ ਲਿਆ। ਦੂਜਾ ਸੈੱਟ ਵੀ ਇਸੇ ਤਰਜ਼ ’ਤੇ ਚੱਲਿਆ, ਜਿਸ ਵਿੱਚ ਜੋਕੋਵਿਚ ਆਪਣੀ ਹੀ ਸਰਵਿਸ ’ਤੇ ਅੱਗੇ ਵਧਦਾ ਰਿਹਾ, ਜਦਕਿ ਨਡਾਲ ਇਸ ਨੂੰ ਬਰਕਰਾਰ ਰੱਖਣ ਲਈ ਜੂਝਦਾ ਰਿਹਾ। ਇੱਕ ਘੰਟੇ 16 ਮਿੰਟ ਵਿੱਚ ਜੋਕੋਵਿਚ ਨੇ ਇਹ ਸੈੱਟ ਵੀ ਜਿੱਤ ਲਿਆ। ਤੀਜੇ ਸੈੱਟ ਵਿੱਚ ਜੋੋਕੋਵਿਚ ਨੇ ਫਿਰ ਉਸ ਦੀ ਸਰਵਿਸ ਤੋੜੀ। ਇਸ ਜਿੱਤ ਨਾਲ ਨਡਾਲ ਖ਼ਿਲਾਫ਼ ਉਸ ਦੀ ਜਿੱਤ ਦਾ ਰਿਕਾਰਡ 28-25 ਅਤੇ ਦੋਵਾਂ ਵਿਚਾਲੇ ਗਰੈਂਡ ਸਲੈਮ ਫਾਈਨਲ ਦਾ ਰਿਕਾਰਡ 4-4 ਨਾਲ ਬਰਾਬਰ ਹੋ ਗਿਆ। ਜੋਕੋਵਿਚ ਨੇ ਇਸ ਤਰ੍ਹਾਂ ਗਰੈਂਡ ਸਲੈਮ ਟਰਾਫੀਆਂ ਦੀ ਹੈਟ੍ਰਿਕ ਵੀ ਪੂਰੀ ਕੀਤੀ। ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਵਿੰਬਲਡਨ ਅਤੇ ਅਮਰੀਕਨ ਓਪਨ ਖ਼ਿਤਾਬ ਵੀ ਜਿੱਤੇ ਸਨ। ਹੁਣ ਉਹ ਮਈ ਵਿੱਚ ਪੈਰਿਸ ਵਿੱਚ ਫਰੈਂਚ ਓਪਨ ਵਿੱਚ ਓਪਨ ਯੁੱਗ ਵਿੱਚ ਸਾਰੇ ਚਾਰ ਵੱਡੇ ਖ਼ਿਤਾਬ ਦੋ ਵਾਰ ਜਿੱਤਣ ਵਾਲਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰੇਗਾ।