ਭਾਰਤ ਨੇ ਆਸਟਰੇਲੀਆ ਵਿੱਚ ਇਤਿਹਾਸ ਸਿਰਜਿਆ

ਭਾਰਤ ਨੇ ਯੁਜਵੇਂਦਰ ਚਹਿਲ ਦੀ ਫਿਰਕੀ ਦੇ ਕਮਾਲ ਤੋਂ ਬਾਅਦ ‘ਮੈਚ ਫਿਨਿਸ਼ਰ’ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਵਿਚਾਲੇ ਚੌਥੇ ਵਿਕਟ ਲਈ ਨਾਬਾਦ 121 ਦੌੜਾਂ ਦੀ ਭਾਗੀਦਾਰੀ ਨਾਲ ਅੱਜ ਇੱਥੇ ਤੀਜੇ ਤੇ ਆਖ਼ਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ। ਟੈਸਟ ਮੈਚਾਂ ਦੀ ਲੜੀ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਭਾਰਤੀ ਟੀਮ ਨੇ ਇਕ ਰੋਜ਼ਾ ਲੜੀ ’ਚ ਵੀ ਜਿੱਤ ਹਾਸਲ ਕੀਤੀ। ਭਾਰਤ ਨੇ ਆਸਟਰੇਲੀਆ ’ਚ ਉਸ ਨੂੰ ਪਹਿਲੀ ਵਾਰ ਦੋ ਪੱਖੀ ਇਕ ਰੋਜ਼ਾ ਲੜੀ ’ਚ 2-1 ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਟੀ-20 ਕੌਮਾਂਤਰੀ ਲੜੀ 1-1 ਨਾਲ ਬਰਾਬਰ ਰਹੀ ਸੀ। ਵਿਰਾਟ ਕੋਹਲੀ ਦੀ ਟੀਮ ਨੇ ਇਸ ਤਰ੍ਹਾਂ ਆਸਟਰੇਲੀਆ ਵਿੱਚ ਇਕ ਵੀ ਲੜੀ ਨਹੀਂ ਹਾਰੀ ਅਤੇ ਇਹ ਮਾਣ ਹਾਸਲ ਕਰਨ ਵਾਲੀ ਇਹ ਪਹਿਲੀ ਟੀਮ ਬਣ ਗਈ ਹੈ। ‘ਮੈਨ ਆਫ਼ ਦਿ ਸੀਰੀਜ਼’ ਧੋਨੀ ਰਿਹਾ ਜਿਸ ਨੇ ਦੂਜੇ ਇਕ ਰੋਜ਼ਾ ਮੈਚ ਵਿੱਚ ਵੀ ਅਖ਼ੀਰ ਵਿਚ ਛੱਕਾ ਮਾਰ ਕੇ ਮੈਚ ’ਚ ਜਿੱਤ ਦਿਵਾਈ ਸੀ ਅਤੇ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਇਆ ਜਦੋਂਕਿ ‘ਮੈਨ ਆਫ਼ ਦਿ ਮੈਚ’ ਲੈੱਗ ਸਪਿੰਨਰ ਯੁਜਵੇਂਦਰ ਚਹਿਲ (42 ਦੌੜਾਂ ਦੇ ਕੇ ਛੇ ਵਿਕਟਾਂ) ਬਣਿਆ। ਉਸ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਆਸਟਰੇਲੀਆ ਨੂੰ 48.4 ਓਵਰਾਂ ’ਚ 230 ਦੌੜਾਂ ’ਤੇ ਆਊਟ ਕਰ ਦਿੱਤਾ। ਫਿਰ ‘ਫਿਨਿਸ਼ਰ’ ਦੀ ਭੂਮਿਕਾ ਨਿਭਾਉਂਦੇ ਹੋਏ ਧੋਨੀ ਨੇ ਆਸਟਰੇਲੀਆ ਦੀ ਫਿਲਡਿੰਗ ਦੀਆਂ ਭੁੱਲਾਂ ਦਾ ਫਾਇਦਾ ਚੁੱਕਦੇ ਹੋਏ ਇਕ ਰੋਜ਼ਾ ਮੈਚਾਂ ’ਚ ਅਰਧ ਸੈਂਕੜੇ ਵਾਲੀ 70ਵੀਂ ਪਾਰੀ ਖੇਡੀ ਅਤੇ ਜਾਧਵ ਦੇ ਨਾਲ ਨਾਬਾਦ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਭਾਰਤ ਨੇ ਇਹ ਟੀਚਾ 49.2 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 234 ਦੌੜਾਂ ਬਣਾ ਕੇ ਹਾਸਲ ਕਰ ਲਿਆ। ਧੋਨੀ ਨੇ 114 ਗੇਂਦਾਂ ਖੇਡਦੇ ਹੋਏ ਛੇ ਚੌਕਿਆਂ ਦੀ ਮਦਦ ਨਾਲ ਨਾਬਾਦ 87 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਜਾਧਵ ਨੇ 57 ਗੇਂਦਾਂ ’ਚ ਸੱਤ ਚੌਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਬਣਾਈਆਂ। ਭਾਰਤ ਨੂੰ ਆਖ਼ਰੀ ਚਾਰ ਓਵਰਾਂ ’ਚ 33 ਦੌੜਾਂ ਦੀ ਲੋੜ ਸੀ। ਧੋਨੀ ਤੇ ਜਾਧਵ ਨੇ 47ਵੇਂ ਓਵਰ ’ਚ ਛੇ ਦੌੜਾਂ, 48ਵੇਂ ਓਵਰ ’ਚ 13 ਦੌੜਾਂ ਅਤੇ 49ਵੇਂ ਓਵਰ ’ਚ 13 ਦੌੜਾਂ ਜੋੜੀਆਂ। ਇਸ ਨਾਲ ਆਖ਼ਰੀ ਓਵਰ ’ਚ ਜਿੱਤ ਲਈ ਸਿਰਫ਼ ਇਕ ਦੌੜ ਚਾਹੀਦੀ ਸੀ ਅਤੇ ਜਾਧਵ ਨੇ ਇਸ ਦੀ ਦੂਜੀ ਗੇਂਦ ’ਤੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਹਾਲਾਂਕਿ ਭਾਰਤ ਦੀ ਸ਼ੁਰੂਆਤ ਚੰਗ ਨਹੀਂ ਰਹੀ। ਉਸ ਨੇ ਛੇਵੇਂ ਓਵਰ ਦੀ ਆਖ਼ਰੀ ਗੇਂਦ ’ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (09) ਦਾ ਵਿਕਟ ਗੁਆ ਦਿੱਤਾ ਜੋ ਪੀਟਰ ਸਿਡਲ ਦੀ ਗੇਂਦ ’ਤੇ ਪਹਿਲੀ ਸਲਿੱਪ ’ਚ ਖੜ੍ਹੇ ਸ਼ੌਨ ਮਾਰਸ਼ ਨੂੰ ਕੈਚ ਦੇ ਕੇ ਆਊਟ ਹੋ ਗਿਆ। ਦੂਜੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (23) ਤੇ ਕਪਤਾਨ ਵਿਰਾਟ ਕੋਹਲੀ (46) ਨੇ ਸੰਭਲ ਕੇ ਖੇਡਦੇ ਹੋਏ ਪਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ ਪਰ ਧਵਨ ਫਿਰ ਲੰਬੀ ਪਾਰੀ ਖੇਡਣ ’ਚ ਅਸਫ਼ਲ ਰਿਹਾ ਅਤੇ ਮਾਰਕਸ ਸਟੋਇਨਿਸ ਦੀ ਫੁੱਲਲੈਂਥ ਗੇਂਦ ’ਤੇ ਇਸੇ ਗੇਂਦਬਾਜ਼ ਨੂੰ ਆਸਾਨ ਜਿਹੀ ਕੈਚ ਦੇ ਬੈਠਾ ਜਿਸ ਨਾਲ ਟੀਮ ਦਾ ਸਕੋਰ ਦੋ ਵਿਕਟਾਂ ’ਤੇ 59 ਦੌੜਾਂ ਹੋ ਗਿਆ। ਹੁਣ ਕੋਹਲੀ ਤੇ ਧੋਨੀ ਕਰੀਜ਼ ’ਤੇ ਸਨ। ਆਸਟਰੇਲਿਆਈ ਕਪਤਾਨ ਆਰੋਨ ਫਿੰਚ ਨੇ ਗੇਂਦਬਾਜ਼ਾਂ ਦੇ ਬਿਹਤਰੀਨ ਇਸਤੇਮਾਲ ਅਤੇ ਖਿਡਾਰੀਆਂ ਨੂੰ ਮੈਦਾਨ ’ਤੇ ਚੰਗੀ ਤਰ੍ਹਾਂ ਖੜ੍ਹਾ ਕੇ ਭਾਰਤੀ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਉੱਥੇ ਹੀ ਧੋਨੀ ਤੇ ਕੋਹਲੀ ਨੇ ਖ਼ਤਰਾ ਲਏ ਬਿਨਾ ਇਕ-ਦੋ ਦੌੜਾਂ ਬਣਾਉਣਾ ਜਾਰੀ ਰੱਖਿਆ। ਮੇਜ਼ਬਾਨ ਟੀਮ ਨੇ ਫਿਲਡਿੰਗ ’ਚ ਕਈ ਮੌਕੇ ਗੁਆਏ ਅਤੇ ਜੇਕਰ ਉਹ ਇਨ੍ਹਾਂ ਮੌਕਿਆਂ ਦਾ ਲਾਭ ਲੈਣ ’ਚ ਸਫ਼ਲ ਰਹਿੰਦੇ ਤਾਂ ਸ਼ਾਇਦ ਮੈਚ ਦਾ ਨਤੀਜਾ ਬਦਲ ਵੀ ਸਕਦਾ ਸੀ। ਆਸਟਰੇਲੀਆ ਨੇ ਸ਼ਾਨਦਾਰ ਮੌਕਾ ਉਦੋਂ ਗੁਆਇਆ ਜਦੋਂ ਧਵਨ ਦੇ ਆਊਟ ਹੋਣ ਤੋਂ ਬਾਅਦ ਧੋਨੀ ਕਰੀਜ਼ ’ਤੇ ਉਤਰਿਆ। ਮੇਜ਼ਬਾਨਾਂ ਦੇ ਸਭ ਤੋਂ ਫਰਤੀਲੇ ਫਿਲਡਰ ਗਲੈਨ ਮੈਕਸਵੈੱਲ ਨੇ ਸਟੋਇਨਸ ਦੀ ਗੇਂਦ ’ਤੇ ਉਸ ਦਾ ਕੈਚ ਛੱਡ ਦਿੱਤਾ। ਉਸ ਤੋਂ ਬਾਅਦ ਵੀ ਕਈ ਵਾਰ ਟੀਮ ਨੇ ਰਨ ਆਊਟ ਦੇ ਕਈ ਮੌਕੇ ਬਣਾਏ। ਇਸ ਤੋਂ ਪਹਿਲਾਂ ਵੀ ਹੈਂਡਜ਼ਕੌਂਬ ਨੇ ਸਲਿੱਪ ’ਤੇ ਕੋਹਲੀ ਦਾ ਕੈਚ ਛੱਡ ਦਿੱਤਾ ਸੀ ਜੋ ਉਸ ਹੱਥ ਤੋਂ ਨਿਕਲ ਕੇ ਚਾਰ ਦੌੜਾਂ ਲਈ ਚਲਾ ਗਿਆ। ਹਾਲਾਂਕਿ ਇਸ 54 ਦੌੜਾਂ ਦੀ ਭਾਗੀਦਾਰੀ ਦਾ ਅੰਤ ਜਾਇ ਰਿਚਰਡਸਨ ਨੇ ਕੀਤਾ ਜਿਸ ਨੇ ਭਾਰਤੀ ਕਪਤਾਨ ਦਾ ਵਿਕਟ ਲੈ ਕੇ ਟੀਮ ਨੂੰ ਤੀਜਾ ਝਟਕਾ ਦਿੱਤਾ।ਇਸ ਤੋਂ ਪਹਿਲਾਂ ਲੜੀ ’ਚ ਆਪਣਾ ਪਹਿਲਾ ਮੈਚ ਖੇਡ ਰਹੇ ਚਹਿਲ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 10 ਓਵਰਾਂ ’ਚ 42 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਉਸ ਨੇ ਆਸਟਰੇਲੀਆ ’ਚ ਕਿਸੇ ਭਾਰਤੀ ਗੇਂਦਬਾਜ਼ੀ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦੀ ਬਰਾਬਰੀ ਕੀਤੀ। ਉਸ ਤੋਂ ਪਹਿਲਾਂ ਅਜੀਤ ਅਗਰਕਰ ਨੇ ਵੀ ਇਸੇ ਮੈਦਾਨ ’ਤੇ 42 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਸਨ। ਇਹ ਇਸ ਮੈਦਾਨ ’ਤੇ ਕਿਸੇ ਵਿਦੇਸ਼ੀ ਗੇਂਦਬਾਜ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ। ਅਗਰਕਰ ਨੇ 2004 ’ਚ ਤਿਕੋਣੀ ਲੜੀ ’ਚ ਇਹ ਪ੍ਰਦਰਸ਼ਨ ਕੀਤਾ ਸੀ। ਚਹਿਲ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ ਨੇ ਵੀ ਦੋ-ਦੋ ਵਿਕਟਾਂ ਲਈਆਂ। ਆਸਟਰੇਲੀਆ ਲਈ ਪੀਟਰ ਹੈਂਡਜ਼ਕੌਂਬ ਨੇ 58 ਦੌੜਾਂ ਦੀ ਪਾਰੀ ਖੇਡੀ। ਟਾਸ ਜਿੱਤ ਕੇ ਭਾਰਤ ਨੇ ਫਿਲਡਿੰਗ ਕਰਨ ਦਾ ਫ਼ੈਸਲਾ ਲਿਆ ਪਰ ਖ਼ਰਾਬ ਮੌਸਮ ਕਾਰਨ ਖੇਡ 10 ਮਿੰਟ ਦੇਰ ਨਾਲ ਸ਼ੁਰੂ ਹੋਇਆ। ਆਸਟਰੇਲਿਆਈ ਪਾਰੀ ’ਚ ਦੋ ਗੇਂਦਾਂ ਪਾਉਣ ਤੋਂ ਬਾਅਦ ਹੀ ਖੇਡ ਇਕ ਵਾਰ ਫਿਰ 20 ਮਿੰਟਾਂ ਲਈ ਰੋਕਣਾ ਪਿਆ। ਆਸਟਰੇਲੀਆ ਦੀ ਸ਼ੁਰੂਆਤ ਖ਼ਰਾਬ ਰਹੀ। ਪਾਰੀ ਦੇ ਤੀਜੇ ਓਵਰ ’ਚ ਹੀ ਭੁਵਨੇਸ਼ਵਰ ਕੁਮਾਰ ਨੇ ਸਲਾਮੀ ਬੱਲੇਬਾਜ਼ ਐਲੇਕਸ ਕੈਰੀ (05) ਨੂੰ ਸਲਿੱਪ ’ਤੇ ਖੜ੍ਹੇ ਕਪਤਾਨ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਾ ਆਊਟ ਕੀਤਾ। ਕਪਤਾਨ ਆਰੋਨ ਫਿੰਚ ਦੀ ਖ਼ਰਾਬ ਫਾਰਮ ਇਸ ਮੈਚ ਵਿੱਚ ਵੀ ਜਾਰੀ ਰਹੀ ਜੋ 14 ਦੌੜਾਂ ਬਦਾ ਕੇ ਭੁਵਨੇਸ਼ਵਰ ਦਾ ਦੂਜਾ ਸ਼ਿਕਾਰ ਬਣਿਆ। ਨੌਵੇਂ ਓਵਰ ’ਚ 27 ਦੌੜਾਂ ’ਤੇ ਦੋਵੇਂ ਸਲਾਮੀ ਬੱਲੇਬਾਜ਼ਾਂ ਦਾ ਵਿਕਟ ਗੁਆਉਣ ਤੋਂ ਬਾਅਦ ਉਸਮਾਨ ਖਵਾਜਾ (34) ਤੇ ਪਿਛਲੇ ਮੈਚ ’ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਸ਼ੌਨ ਮਾਰਸ਼ (39) ਨੇ ਟੀਮ ਦੇ ਸਕੋਰ ਨੂੰ 100 ਤੱਕ ਪਹੁੰਚਾਇਆ। ਚਹਿਲ ਨੇ ਪਾਰੀ ਦੇ 24ਵੇਂ ਓਵਰ ’ਚ ਦੋਹਾਂ ਦਾ ਵਿਕਟ ਲੈ ਕੇ ਮੈਚ ’ਤੇ ਭਾਰਤ ਦੀ ਪਕੜ ਮਜ਼ਬੂਤ ਕੀਤੀ। ਇਸ ਓਵਰ ਦੀ ਪਹਿਲੀ ਗੇਂਦ ’ਤੇ ਧੋਨੀ ਨੇ ਮਾਰਸ਼ ਨੂੰ ਸਟੰਪ ਕੀਤਾ ਜਦੋਂਕਿ ਚੌਥੀ ਗੇਂਦ ’ਤੇ ਖਵਾਜਾ ਚਹਿਲ ਨੂੰ ਹੀ ਕੈਚ ਦੇ ਬੈਠਾ। ਇਸ ਤੋਂ ਬਾਅਦ ਹੈਂਡਜ਼ਕੌਂਬ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਦੂਜੇ ਪਾਸੇ ਤੋਂ ਉਸ ਨੂੰ ਚੰਗਾ ਸਾਥ ਨਹੀਂ ਮਿਲਿਆ। ਮਾਰਕਸ ਸਟੋਇਨਿਸ 10 ਦੌੜਾਂ ਬਣਾ ਕੇ ਚਹਿਲ ਦਾ ਤੀਜਾ ਸ਼ਿਕਾਰ ਬਣਿਆ। ਉਸ ਦਾ ਕੈਚ ਸਲਿੱਪ ’ਤੇ ਖੜ੍ਹੇ ਰੋਹਿਤ ਸ਼ਰਮਾ ਨੇ ਫੜਿਆ। ਗਲੈਨ ਮੈਕਸਵੈੱਲ ਨੇ ਇਸ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦਿਆਂ ਚਹਿਲ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕੀਤਾ। ਉਸ ਨੇ ਤਿੰਨ ਚੌਕੇ ਵੀ ਮਾਰ ਪਰ ਸ਼ਮੀ ਦੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੇ ਚੱਕਰ ’ਚ ਉਹ ਭੁਵਨੇਸ਼ਵਰ ਕੁਮਾਰ ਨੂੰ ਕੈਚ ਦੇ ਬੈਠਾ।