ਆਸਟਰੇਲੀਆ ਨੇ ਭਾਰਤ ਤੋਂ ਪਹਿਲਾ ਇਕ ਰੋਜ਼ਾ ਮੈਚ ਜਿੱਤਿਆ

ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿਚਰਡਸਨ ਦੀ ਤੂਫ਼ਾਨੀ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਪਹਿਲੇ ਇੱਕ ਰੋਜ਼ਾ ਮੈਚ ਵਿਚ ਸ਼ਨਿਚਰਵਾਰ ਨੂੰ ਭਾਰਤ ਨੂੰ 34 ਦੌੜਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਇੱਕ ਹਜ਼ਾਰਵੀਂ ਜਿੱਤ ਹਾਸਲ ਕੀਤੀ ਹੈ। ਆਸਟਰੇਲੀਆ ਦੇ 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਜੇਅ ਰਿਚਰਡਸਨ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਲੁੜ੍ਹਕ ਗਈ ਅਤੇ ਉਹ ਭਾਰਤ ਦੀਆਂ ਚਾਰ ਵਿਕਟਾਂ ਮਹਿਜ਼ 26 ਦੌੜਾਂ ਬਦਲੇ ਲੈਣ ਵਿਚ ਕਾਮਯਾਬ ਰਿਹਾ। ਰੋਹਿਤ ਸ਼ਰਮਾ (133) ਦੇ 22ਵੇਂ ਸੈਂਕੜੇ ਦੇ ਬਾਵਜੂਦ ਭਾਰਤੀ ਟੀਮ 9 ਵਿਕਟਾਂ ਉੱਤੇ 254 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਦੀ ਤਰਫ਼ੋਂ ਅੰਤਰਰਾਸ਼ਟਰੀ ਪੱਧਰ ਉੱਤੇ ਸ਼ੁਰੂਆਤ ਕਰ ਰਹੇ ਜੇਸਨ ਬੇਹਰੇਨਫੋਰਡ ਨੇ 39 ਅਤੇ ਮਾਰਕਸ ਸਟੋਇਨਿਸ ਨੇ 66 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਰੋਹਿਤ ਨੇ 129 ਗੇਂਦਾਂ ਦੀ ਆਪਣੀ ਪਾਰੀ ਵਿਚ 10 ਚੌਕੇ ਅਤੇ ਛੇ ਛੱਕੇ ਮਾਰੇ। ਉਸ ਨੇ ਮਹਿੰਦਰ ਸਿੰਘ ਧੋਨੀ (51) ਦੇ ਨਾਲ ਚੌਥੇ ਵਿਕਟ ਲਈ ਉਸ ਸਮੇਂ 137 ਦੌੜਾਂ ਦੀ ਸਾਂਝੇਦਾਰੀ ਕੀਤੀ ਜਦੋਂ ਭਾਰਤ ਚਾਰ ਦੌੜਾਂ ਵਿਚ ਤਿੰਨ ਵਿਕਟਾਂ ਗਵਾ ਕੇ ਸੰਕਟ ਵਿਚ ਸੀ। ਭਾਰਤੀ ਟੀਮ ਹਾਲਾਂ ਕਿ ਇਸ ਖ਼ਰਾਬ ਸਥਿਤੀ ਵਿਚੋਂ ਨਹੀਂ ਉਭਰ ਸਕੀ ਅਤੇ ਦੌੜਾਂ ਬਣਾਉਣ ਦੀ ਸਪੀਡ ਦੇ ਨਾਲ ਕਦੇ ਵੀ ਟੀਚੇ ਦੇ ਨੇੜੇ ਤੇੜੇ ਵੀ ਦਿਖਾਈ ਨਹੀਂ ਦਿੱਤੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਭੁਵਨੇਸ਼ਵਰ ਨੇ ਕਪਤਾਨ ਆਰੋਨ ਫਿੰਚ (11) ਨੂੰ ਬੋਲਡ ਕਰਕੇ 100ਵਾਂ ਵਿਕਟ ਹਾਸਲ ਕੀਤਾ। ਸਲਾਮੀ ਬੱਲੇਬਾਜ਼ ਅਲੈਕਸ ਕੈਰੀ (24) ਨੇ ਕੁੱਝ ਚੰਗੇ ਸ਼ਾਟ ਖੇਡੇ ਪਰ ਦਸਵੇਂ ਓਵਰ ਵਿਚ ਜਦੋਂ ਕੋਹਲੀ ਨੇ ਗੇਂਦ ਕੁਲਦੀਪ ਯਾਦਵ ਨੂੰ ਦਿੱਤੀ ਤਾਂ ਉਹ ਚੌਕਾ ਜੜਨ ਬਾਅਦ ਸਲਿੱਪ ਵਿਚ ਰੋਹਿਤ ਨੂੰ ਕੈਚ ਦੇ ਬੈਠਾ। ਪੀਟਰ ਹੈਂਡਜ਼ਕੌਂਬ (73), ਉਸਮਾਨ ਖ਼ਵਜ਼ਾ (59) ਅਤੇ ਸ਼ਾਨ ਮੌਰਿਸ਼ (54) ਦੇ ਅਰਧ ਸੈਂਕੜੇ ਨਾਲ ਪੰਜ ਵਿਕਟਾਂ ਉੱਤੇ 288 ਦੌੜਾਂ ਬਣਾਈਆਂ। ਹੈਂਡਜ਼ਕੌਂਬ ਨੇ ਸਟੋਇਨਿਸ ਦੇ ਨਾਲ ਪੰਜਵੇਂ ਵਿਕਟ ਦੇ ਲਈ 68 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ, ਜਿਸ ਨਾਲ ਟੀਮ ਆਖ਼ਰੀ ਸੱਤ ਓਵਰਾਂ ਵਿਚ 80 ਦੌੜਾਂ ਜੋੜਨ ਵਿਚ ਕਾਮਯਾਬ ਰਹੀ। ਭਾਰਤ ਦੇ ਕੁਲਦੀਪ ਯਾਦਵ ਅਤੇ ਭੁਵਨੇਸ਼ਵਰ ਦੋ-ਦੋ ਵਿਕਟਾਂ ਲੈਣ ਵਿਚ ਕਾਮਯਾਬ ਰਹੇ। ਰਵਿੰਦਰ ਜਡੇਜਾ ਨੇ ਇੱਕ ਵਿਕਟ ਲਈ। ਮੁਹੰਮਦ ਸ਼ਮੀ 10 ਓਵਰਾਂ ਵਿਚ 46 ਗੇਂਦਾਂ ਬਦਲੇ ਇਕ ਵੀ ਵਿਕਟ ਨਹੀਂ ਲੈ ਸਕਿਆ।

2017 ਤੋਂ 24 ਇੱਕ ਰੋਜ਼ਾ ਮੈਚਾਂ ਵਿਚ ਆਸਟਰੇਲੀਆ ਦੀ ਇਹ ਸਿਰਫ ਚੌਥੀ ਜਿੱਤ ਹੈ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਟੀਮ ਨੇ ਚੌਥੇ ਓਵਰ ਵਿਚ ਚਾਰ ਦੌੜਾਂ ਤੱਕ ਹੀ ਤਿੰਨ ਵਿਕਟਾਂ ਗਵਾ ਦਿੱਤੀਆਂ। ਬੇਹਰੇਨਡੋਰਫ ਨੇ ਪਹਿਲੇ ਓਵਰ ਦੀ ਆਖ਼ਰੀ ਗੇਂਦ ਉੱਤੇ ਸ਼ਿਖਰ ਧਵਨ (0) ਨੂੰ ਟੰਗਅੜਿੱਕਾ ਆਊਟ ਕਰ ਦਿੱਤਾ। ਜਦੋਂ ਕਿ ਰਿਚਰਡਸਨ ਨੇ ਆਪਣੇ ਦੂਜੇ ਓਵਰ ਵਿਚ ਹੀ ਵਿਰਾਟ ਕੋਹਲੀ (3) ਨੂੰ ਸਟੋਇਨਿਸ ਦੇ ਹੱਥੋਂ ਕੈਚ ਕਰਵਾਉਣ ਬਾਅਦ ਅੰਬਾਤੀ ਰਾਇਡੂ (0) ਨੂੰ ਟੰਗ ਅੜਿੱਕਾ ਆਊਟ ਕੀਤਾ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 17 ਗੇਂਦਾਂ ਤੱਕ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਸ ਨੇ ਫ੍ਰੀ ਹਿੱਟ ਉੱਤੇ ਛੱਕੇ ਨਾਲ 18ਵੀਂ ਗੇਂਦ ਉੱਤੇ ਖਾਤਾ ਖੋਲ੍ਹਿਆ। ਧੋਨੀ ਨੇ ਇੱਕ ਦੌੜ ਬਣਾਉਂਦਿਆਂ ਹੀ ਇੱਕ ਰੋਜ਼ਾ ਕ੍ਰਿਕਟ ਦੇ ਵਿਚ 10,000 ਦੌੜਾਂ ਪੂਰੀਆਂ ਕੀਤੀਆਂ। ਧੋਨੀ ਨੇ 173 ਦੌੜਾਂ ਏਸ਼ੀਆ ਇਲੈਵਨ ਦੀ ਤਰਫ਼ੋਂ ਵੀ ਬਣਾਈਆਂ ਹਨ। ਭਾਰਤ ਨੇ ਸ਼ੁਰੂਆਤ ਵਿਚ 10 ਓਵਰਾਂ ਵਿਚ ਤਿੰਨ ਵਿਕਟਾਂ ਉੱਤੇ 21 ਦੌੜਾਂ ਬਣਾਈਆਂ। ਰੋਹਿਤ ਨੇ ਇਸ ਤੋਂ ਬਾਅਦ ਪੀਟਰ ਸਿਡਲ ਉੱਤੇ ਛੱਕਾ ਜੜਿਆ। ਧੋਨੀ ਨੇ ਵੀ ਨਾਥਨ ਲਿਓਨ ਦੀ ਗੇਂਦ ਨੂੰ ਦਰਸ਼ਕ ਗੈਲਰੀ ਵਿਚ ਪਹੁੰਚਾਇਆ। ਧੋਨੀ 25 ਦੌੜਾਂ ਦੇ ਸਕੋਰ ਉੱਤੇ ਆਊਟ ਹੁੰਦਾ ਬਚ ਗਿਆ ਜਦੋਂ ਸਟੋਇਨਿਸ ਦੀ ਗੇਂਦ ਉੱਤੇ ਸਿਡਲ ਉਸਦਾ ਕੈਚ ਨਾ ਲੈ ਸਕਿਆ। ਰੋਹਿਤ ਨੇ ਸਿਡਲ ਉੱਤੇ ਆਪਣਾ ਪਹਿਲਾ ਚੌਕਾ ਜੜਿਆ ਤੇ ਫਿਰ ਮੈਕਸਵੈੱਲ ਉੱਤੇ ਚੌਕੇ ਨਾਲ 62 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਧੋਨੀ ਨੇ ਸਟੋਇਨਿਸ ਉੱਤੇ ਚੌਕਾ ਜੜ ਕੇ 93 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ ਪਰ ਇਸ ਤੋਂ ਬਾਅਦ ਬੇਹਰੇਨਫੋਰਡ ਦੀ ਗੇਂਦ ਉੱਤੇ ਟੰਗ ਅੜਿੱਕਾ ਆਊਟ ਹੋ ਗਏ। ਰੋਹਿਤ ਨੇ ਰਿਚਰਡਸਨ ਦੀ ਗੇਂਦ ਨਾਲ 110 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ ਅਤੇ ਫਿਰ ਲਿਓਨ ਉੱਤੇ ਛੱਕੇ ਨਾਲ 43ਵੇਂ ਓਵਰ ਵਿਚ ਸਕੋਰ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਭਾਰਤ ਨੂੰ ਅੰਤਿਮ ਛੇ ਓਵਰਾਂ ਵਿਚ 76 ਦੌੜਾਂ ਦੀ ਲੋੜ ਸੀ। ਰਵਿੰਦਰ ਜਡੇਜਾ (8) ਨੇ ਰਿਚਰਡਸਨ ਦੀ ਗੇਂਦ ਉੱਤੇ ਮਾਰਸ਼ ਨੂੰ ਕੈਚ ਦੇ ਦਿੱਤਾ। ਇਸ ਤੋਂ ਬਾਅਦ ਰੋਹਿਤ ਵੀ ਸਟੋਇਨਿਸ ਦੀ ਗੇਂਦ ਉੱਤੇ ਮੈਕਸਵੈੱਲ ਹੱਥੋਂ ਕੈਚ ਆਊਟ ਹੋ ਗਿਆ। ਭੁਵਨੇਸ਼ਵਰ 29 ਦੌੜਾਂ ਬਣਾ ਕੇ ਨਾਬਾਦ ਰਿਹਾ।