ਰਣਜੀ: ਉੱਤਰਾਖੰਡ ਕੁਆਰਟਰ ਫਾਈਨਲ ’ਚ

ਅੰਕਿਤ ਕੁਮਾਰ ਦੀਆਂ ਨਾਬਾਦ 72 ਦੌੜਾਂ ਦੇ ਨਾਲ ਹਰਿਆਣਾ ਨੇ ਬੁੱਧਵਾਰ ਨੂੰ ਇੱਥੇ ਸੈਨਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਵਿਚ ਆਪਣੀ ਮੁਹਿੰਮ ਦਾ ਅੰਤ ਜਿੱਤ ਦੇ ਨਾਲ ਕੀਤਾ ਹੈ। ਦੇਹਰਾਦੂਨ ਵਿੱਚ ਉੱਤਰਾਖੰਡ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਬੁੱਧਵਾਰ ਨੂੰ ਇੱਥੇ ਮਿਜ਼ੋਰਮ ਨੂੰ ਪਾਰੀ ਅਤੇ 56 ਦੌੜਾਂ ਨਾਲ ਹਰਾ ਕੇ ਆਪਣੀ ਲਗਾਤਾਰ ਛੇਵੀਂ ਜਿੱਤ ਦੇ ਨਾਲ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਉੱਤਰਾਖੰਡ ਨੇ ਆਪਣੀ ਪਹਿਲੀ ਪਾਰੀ ਦੇ ਵਿਚ 388 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਮਿਜ਼ੋਰਮ 198 ਦੌੜਾਂ ਹੀ ਬਣਾ ਸਕਿਆ ਅਤੇ ਉਸਨੂੰ ਫਾਲੋਆਨ ਕਰਨਾ ਪਿਆ। ਦੂਜੀ ਪਾਰੀ ਵਿਚ ਵੀ ਟੀਮ ਤੀਜੇ ਦਿਨ ਹੀ 123 ਦੌੜਾਂ ਉੱਤੇ ਹੀ ਆਊਟ ਹੋ ਗਈ। ਇਸ ਦੌਰਾਨ ਹੀ ਪਟਨਾ ਵਿਚ ਬਿਹਾਰ ਨੇ ਰਣਜੀ ਟਰਾਫੀ ਪਲੇਟ ਗਰੁੱਪ ਵਿਚ ਮਣੀਪੁਰ ਨੂੰ ਤਿੰਨ ਵਿਕਟਾਂ ਨਾਲ ਮਾਤ ਦੇ ਕੇ 6 ਅੰਕ ਹਾਸਲ ਕਰ ਲਏ ਹਨ। ਬਿਹਾਰ ਦੀ ਟੀਮ ਪਲੇਟ ਗਰੁੱਪ ਦੇ ਵਿਚ 40 ਅੰਕਾਂ ਦੇ ਨਾਲ ਉੰਤਰਾਖੰਡ ਤੋਂ ਬਾਅਦ ਦੂਜੇ ਸਥਾਨ ਉੱਤੇ ਹੈ। ਉੱਤਰਾਖੰਡ ਦੇ ਅੱਠ ਮੈਚਾਂ ਨਾਲ 44 ਅੰਕ ਹਨ। ਇੰਦੌਰ ਵਿਚ ਆਂਧਰਾ ਪ੍ਰਦੇਸ਼ ਨੇ ਰਣਜੀ ਟਰਾਫੀ ਇਲੀਟ ਗਰੁੱਪ ਬੀ ਦੇ ਮੈਚ ਵਿਚ ਤੀਜੇ ਦਿਨ ਹੀ ਮੱਧ ਪ੍ਰਦੇਸ਼ ਨੂੰ 307 ਦੌੜਾਂ ਨਾਲ ਹਰਾ ਕੇ ਉਸਦਾ ਨਾਕਆਉੂਟ ਗੇੜ ਦੇ ਪੁੱਜਣ ਦਾ ਸੁਪਨਾ ਤੋੜ ਦਿੱਤਾ। ਇਸ ਜਿੱਤ ਦੇ ਨਾਲ ਆਂਧਰਾ ਨੂੰ ਛੇ ਅੰਕ ਮਿਲੇ ਹਨ ਅਤੇ ਉਹ ਗਰੁੱਪ ਸੀ ਦੇ ਵਿਚ ਰੈਲੀਗੇਟ ਹੋਣ ਤੋਂ ਵੀ ਬਚ ਗਿਆ ਹੈ। ਉਸ ਦੇ ਅੱਠ ਮੈਚਾਂ ਵਿਚ 17 ਅੰਕ ਹੋ ਗਏ ਹਨ। ਦੂਜੇ ਪਾਸੇ ਮੱਧ ਪ੍ਰਦੇਸ਼ ਗਰੁੱਪ ਵਿਚ 24 ਅੰਕ ਲੈ ਕੇ ਸਿਖ਼ਰ ਉੱਤੇ ਸੀ।