ਸਿਰਫ਼ ਨੌਜਵਾਨਾਂ ਦੇ ਭਰੋਸੇ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ: ਸ੍ਰੀਜੇਸ਼

ਭਾਰਤੀ ਗੋਲਕੀਪਰ ਅਤੇ ਸਾਬਕਾ ਕਪਤਾਨ ਪੀ ਆਰ ਸ੍ਰੀਜੇਸ਼ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਹੈ ਕਿ ਸਿਰਫ ਨੌਜਾਵਨਾਂ ਉੱਤੇ ਸਾਰਾ ਧਿਆਨ ਦੇਣ ਨਾਲ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ। ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਰਿੰਦਰ ਸਿੰਘ ਨੂੰ ਕੋਚ ਬਣਾਈ ਰੱਖਣ ਦੀ ਪੈਰਵੀ ਕੀਤੀ ਹੈ।
ਤਜਰਬੇਕਾਰ ਐਸ ਵੀ ਸੁਨੀਲ ਸੱਟ ਕਾਰਨ ਅਤੇ ਰੁਪਿੰਦਰ ਸਿੰਘ ਖਰਾਬ ਫਰਮ ਦੇ ਕਾਰਨ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਸਨ। ਇਹ ਪੁੱਛੇ ਜਾਣ ਉੱਤੇ ਕਿ ਕੀ ਹੁਣ ਫੋਕਸ ਸਿਰਫ ਨੌਜਵਾਨਾਂ ਉੱਤੇ ਹੋਵੇਗਾ ਤਾਂ ਸ੍ਰੀਜੇਸ਼ ਨੇ ਕਿਹਾ ਕਿ ਨੌਜਵਾਨਾਂ ਤੋਂ ਕੀ ਮਤਲਬ ਹੈ, ਜੇ ਕੋਈ ਖਿਡਾਰੀ ਤਿੰਨ ਜਾਂ ਚਾਰ ਸਾਲ ਟੀਮ ਵਿਚ ਖੇਡ ਜਾਂਦਾ ਹੈ ਤਾਂ ਕੀ ਉਹ ਬੁੱਢਾ ਹੋ ਜਾਂਦਾ ਹੈ। ਸਿਰਫ ਨੌਜਵਾਨਾਂ ਦੇ ਦਮ ਉੱਤੇ ਟੂਰਨਾਮੈਂਟ ਨਹੀਂ ਜਿੱਤੇ ਜਾਂਦੇ ਅਤੇ ਜਿੱਤ ਦੇ ਲਈ ਤਜਰਬੇ ਦੀ ਵੀ ਲੋੜ ਹੁੰਦੀ ਹੈ।
ਵੱਡੇ ਮੈਚਾਂ ਵਿਚ ਕਾਫੀ ਦਬਾਅ ਹੁੰਦਾ ਹੈ। ਸਾਬਕਾ ਕਪਤਾਨ ਨੇ ਕਿਹਾ ਕਿ ਜਦੋੀ ਅਰਜਨਟੀਨਾ ਨੇ 2016 ਵਿਚ ਓਲੰਪਿਕ ਵਿਚ ਸੋਨ ਤਗ਼ਮਾ ਜਿੱਤਿਆ ਤਾਂ ਟੀਮ ਦੀ ਔਸਤ ਉਮਰ 32 ਤੋਂ 33 ਸਾਲ ਸੀ। ਨੌਜਵਾਨਾਂ ਦੇ ਨਾਲ ਨਾਲ ਤਜਰਬੇਕਾਰ ਖਿਡਾਰੀ ਵੀ ਚਾਹੀਦੇ ਹਨ। ਹਰਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਚੰਗੀ ਟੀਮ ਬਣਾਏ ਜਾਣ ਲਈ ਉਨ੍ਹਾਂ ਨੂੰ ਸਮਾਂ ਚਾਹੀਦਾ ਹੈ।