ਮਨੂ ਭਾਕਰ ਨੇ ਮਹਿਲਾ ਅਤੇ ਜੂਨੀਅਰ ਦੇ ਦੋ ਖ਼ਿਤਾਬ ਜਿੱਤੇ

ਮੁਟਿਆਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਕੌਮੀ ਚੋਣ ਟਰਾਇਲ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਅਤੇ ਜੂਨੀਅਰ ਫਾਈਨਲ ਦੋਵਾਂ ਵਰਗਾਂ ਵਿੱਚ ਖ਼ਿਤਾਬ ਜਿੱਤੇ। ਦੂਜੇ ਪਾਸੇ ਅੰਜੁਮ ਮੋਦਗਿਲ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਸ਼ਿਖਰ ’ਤੇ ਰਹੀ।
ਯੂਥ ਓਲੰਪਿਕ, ਆਈਐੱਸਐੱਸਐੱਫ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਹਰਿਆਣਾ ਦੀ ਮਨੂ ਨੇ ਮਹਿਲਾ ਦਸ ਮੀਟਰ ਏਅਰ ਪਿਸਟਲ ਫਾਈਨਲ ਵਿੱਚ 242.1 ਅੰਕ ਨਾਲ ਸੋਨ ਤਗ਼ਮਾ ਜਿੱਤਿਆ। ਇਸ ਵਰਗ ਵਿੱਚ 13 ਸਾਲ ਦੀ ਈਸ਼ਾ ਸਿੰਘ 240.2 ਅੰਕ ਨਾਲ ਦੂਜੇ, ਜਦਕਿ ਅਨੁਰਾਧਾ 219.3 ਅੰਕ ਨਾਲ ਤੀਜੇ ਸਥਾਨ ’ਤੇ ਰਹੀ। ਮਨੂ ਕੁਆਲੀਫੀਕੇਸ਼ਨ ਵਿੱਚ 579 ਅੰਕ ਨਾਲ ਦੂਜੇ ਸਥਾਨ ’ਤੇ ਰਹੀ ਸੀ। ਬੁੱਧਵਾਰ ਨੂੰ ਕੁਆਲੀਫੀਕੇਸ਼ਨ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਕੇ ਸਿਖ਼ਰ ’ਤੇ ਰਹੀ ਦੁਨੀਆ ਦੀ ਸਾਬਕਾ ਨੰਬਰ ਇੱਕ ਨਿਸ਼ਾਨੇਬਾਜ਼ ਹੀਨਾ ਸਿੱਧੂ ਫਾਈਨਲ ਵਿੱਚ 197.3 ਅੰਕ ਨਾਲ ਚੌਥੇ ਸਥਾਨ ’ਤੇ ਰਹੀ।
ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਜੂਨੀਅਰ ਫਾਈਨਲ ਵਿੱਚ 16 ਸਾਲ ਦੀ ਮਨੂ ਨੇ 244.5 ਅੰਕ ਨਾਲ ਖ਼ਿਤਾਬ ਆਪਣੇ ਨਾਮ ਕੀਤਾ। ਈਸ਼ਾ ਦੂਜੇ, ਜਦਕਿ ਯਸ਼ਸਵੀ ਜੋਸ਼ੀ ਤੀਜੇ ਸਥਾਨ ’ਤੇ ਰਹੀ। ਸੌਮਿਆ ਧਿਆਨੀ ਨੇ ਯੂਥ ਦਸ ਮੀਟਰ ਏਅਰ ਪਿਸਟਲ ਫਾਈਨਲ 241.4 ਅੰਕ ਨਾਲ ਜਿੱਤਿਆ। ਵਿਭੂਤੀ ਭਾਟੀਆ (237.6) ਅਤੇ ਯਸ਼ਸਵੀ ਜੋਸ਼ੀ (215.3) ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।