ਸੀਆਈਐੱਸਐੱਫ ਅਤੇ ਈਐੱਮਈ ਨੇ ਮੈਚ ਜਿੱਤੇ

ਸੈਂਟਰਲ ਇੰਡਸਟਰੀਅਲ ਸਕਿਊਰਟੀ ਫੋਰਸ (ਸੀਆਈਐਸਐਫ) ਅਤੇ ਈਐਈ ਦੀਆਂ ਟੀਮਾਂ ਨੇ ਇੱਥੇ ਸੈਕਟਰ 42 ਸਟੇਡੀਅਮ ਵਿਚ ਚੱਲ ਰਹੇ ਲਾਲ ਬਹਾਦਰ ਸ਼ਾਸਤਰੀ ਟੂਰਨਾਮੈਂਟ ਵਿਚ ਆਪੋ ਆਪਣੇ ਮੈਚ ਜਿੱਤ ਲਏ ਹਨ। ਸੀਆਈਐੱਸਐੱਫ ਨੇ ਸੀਮਾ ਸੁਰੱਖਿਆ ਬਲ ਦੀ ਟੀਮ ਨੂੰ ਇੱਕ ਗੋਲ ਦੇ ਫਰਕ ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਨੇ ਇੱਕ ਦੂਜੀ ਨੂੰ ਪੂਰੀ ਟੱਕਰ ਦਿੱਤੀ ਅਤੇ ਹਰਪ੍ਰੀਤ ਸਿੰਘ ਦੇ ਪੈਨਲਟੀ ਕਾਰਨਰ ਤੋਂ ਕੀਤੇ ਗੋਲ ਦੇ ਨਾਲ ਸੀਆਈਐੱਸਐੱਫ ਦੀ ਟੀਮ ਮੈਚ ਜਿੱਤ ਗਈ। ਇਹ ਗੋਲ ਮੈਚ ਦੇ 46ਵੇਂ ਮਿੰਟ ਵਿਚ ਹੋਇਆ ਜੋ ਫੈਸਲਾਕੁੰਨ ਸਾਬਿਤ ਹੋਇਆ। ਦਿਨ ਦੇ ਦੂਜੇ ਮੈਚ ਵਿਚ ਇਲੈਕਟ੍ਰੀਕਲ ਐਂਡ ਮਕੈਨੀਕਲ ਇੰਜਨੀਅਰਜ਼ (ਈਐਮਈ) ਦੀ ਟੀਮ ਨੇ ਸੀਆਰਪੀਐਫ ਦੀ ਟੀਮ ਨੂੰ 5-3 ਗੋਲਾਂ ਨਾਲ ਹਰਾ ਦਿੱਤਾ। ਮੈਚ ਦੇ 26ਵੇਂ ਮਿੰਟ ਵਿਚ ਅਵਤਾਰ ਸਿੰਘ ਵੱਲੋਂ ਕੀਤੇ ਪੈਨਲਟੀ ਕਾਰਨਰ ਨਾਲ ਈਐਮਈ ਦੀ ਟੀਮ ਅੱਗੇ ਹੋ ਗਈ। ਇਸ ਤੋਂ ਬਾਅਦ ਸੀਆਰਪੀਐਫ ਦੇ ਬਿਕਾਸ ਕੁਜੁਰ ਵੱਲੋਂ ਕੀਤੇ ਗੋਲ ਨਾਲ ਦੋਵੇਂ ਟੀਮਾਂ ਬਰਾਬਰ ਹੋ ਗਈਆਂ। ਇਸ ਤੋਂ ਤਿੰਨ ਮਿੰਟ ਬਾਅਦ ਹੀ ਸੀਆਰਪੀਐਫ ਦੇ ਜੈਅੰਤ ਟਿਰਕੀ ਨੇ ਗੋਲ ਕਰਕੇ ਲੀਡ 2-1 ਕਰ ਦਿੱਤੀ। ਪਰ ਈਐਮਈ ਦੀ ਟੀਮ ਨੇ ਤੇਜ਼ਤਰਾਰ ਖੇਡ ਖੇਡਦਿਆਂ ਵਿਰੋਧੀਆਂ ਨੂੰ ਕੋਈ ਮੌਕਾ ਨਾ ਦਿੱਤਾ ਅਤੇ ਸਕੋਰ ਬਿਨਾਂ ਕਿਸੇ ਦੇਰੀ ਦੇ ਬਰਾਬਰ ਕਰ ਦਿੱਤਾ। ਫਸਵੇਂ ਮੈਚ ਵਿਚ ਅਖ਼ੀਰ ਨੂੰ ਈਐਮਈ ਦੀ ਟੀਮ ਮੈਚ 5-3 ਨਾਲ ਜਿੱਤਣ ਵਿਚ ਕਾਮਯਾਬ ਹੋ ਗਈ।