ਆਈਪੀਐੱਲ ਤੋਂ ਵਿਸ਼ਵ ਕੱਪ ਲਈ ਤਿਆਰੀ ਕਰਨੀ ਚਾਹੁੰਦਾ ਹੈ ਸਮਿੱਥ

ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਕਿਹਾ ਹੈ ਕਿ ਉਹ ਆਈਪੀਐੱਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਫਿਰ ਤੋਂ ਪੁਰਾਣੀ ਲੈਅ ਵਿਚ ਪਰਤਣਾ ਚਾਹੁੰਦਾ ਹੈ। ਸਮਿੱਥ ਅਤੇ ਉਸ ਦੇ ਸਾਥੀ ਉਪ ਕਪਤਾਨ ਡੇਵਿਡ ਵਾਰਨਰ ਉੱਤੇ ਮਾਰਚ ਵਿਚ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਸ਼ਾਮਲ ਹੋਣ ਬਾਅਦ ਇੱਕ ਸਾਲ ਦੀ ਪਾਬੰਦੀ ਲੱਗੀ ਹੋਈ ਹੈ। ਆਈਪੀਐੱਲ ਤੋਂ ਪਹਿਲਾਂ ਇਨ੍ਹਾਂ ਉੱਤੇ ਲਾਈ ਪਾਬੰਦੀ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਸਮਿੱਥ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੋ ਪਿਆ ਸੀ। ਇਸ ਤੋਂ ਬਾਅਦ ਉਸ ਨੇ ਹੁਣ ਪਹਿਲੀ ਵਾਰ ਪੱਤਰਕਾਰਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾ ਕਿਹਾ ਕਿ ਹੁਣ ਜਿਸ ਤਰ੍ਹਾਂ ਇੱਕ ਰੋਜ਼ਾ ਮੈਚ ਖੇਡੇ ਜਾ ਰਹੇ ਹਨ, ਉਹ ਟੀ-20 ਦਾ ਹੀ ਵੱਡਾ ਰੂਪ ਜਾਪਦੇ ਹਨ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਰੋਜ਼ਾ ਦੀ ਤਿਆਰੀ ਲਈ ਟੀ-20 ਇੱਕ ਰੋਜ਼ਾ ਕ੍ਰਿਕਟ ਦੀ ਤਿਆਰੀ ਲਈ ਠੀਕ ਹੈ ਅਤੇ ਆਈਪੀਐਲ ਦੁਨੀਆਂ ਦੇ ਵੱਡੇ ਟੂਰਨਾਮੈਂਟ ਵਿਚੋਂ ਇੱਕ ਹੈ। ਸਮਿੱਥ ਨੇ ਪਾਬੰਦੀ ਤੋਂ ਬਾਅਦ ਕਈ ਟਵੰਟੀ-20 ਟੂਰਨਾਮੈਂਟਾਂ ਵਿਚ ਹਿੱਸਾ ਲਿਆ ਹੈ ਤਾਂ ਜੋ ਉਹ ਲੈਅ ਵਿਚ ਰਹਿ ਸਕੇ। ਇਸ ਦੌਰਾਨ ਉਹ ਕੈਰੇਬਿਆਈ ਧਰਤੀ ਅਤੇ ਕੈਨੇਡਾ ਵਿਚ ਵੀ ਖੇਡਿਆ ਹੈ। ਆਈਪੀਐੱਲ ਅਪਰੈਲ ਅਤੇ ਮਈ ਵਿਚ ਖੇਡੀ ਜਾਵੇਗੀ। ਇਸ ਦੌਰਾਨ ਵਿਸ਼ਵ ਕੱਪ 30 ਮਈ ਨੂੰ ਸ਼ੁਰੂ ਹੋਵੇਗਾ। ਸਮਿੱੱਥ ਆਈਪੀਐੱਲ ਦੇ ਵਿਚ ਰਾਜਸਥਾਨ ਦੀ ਤਰਫੋਂ ਖੇਡਦਾ ਹੈ। ਸਮਿੱਥ ਨੂੰ ਗੇਂਦ ਨਾਲ ਛੇੜਛਾੜ ਦੇ ਕਾਰਨ ਕਪਤਾਨੀ ਛੱਡਣ ਦੇ ਲਈ ਮਜਬੂਰ ਹੋਣਾ ਪਿਆ ਸੀ ਪਰ ਉਹ ਰਾਜਸਥਾਨ ਰਾਇਲਜ਼ ਦਾ ਹਿੱਸਾ ਬਣਿਆ ਹੋਇਆ ਹੈ। ਸਮਿੱਥ ਨੇ ਕਿਹਾ ਕਿ ਉਸ ਨੇ ਬੰਗਲਾਦੇਸ਼ ਲੀਗ ਦੇ ਵਿਚ ਖੇਡਣਾ ਸੀ ਪਰ ਉਸ ਨੂੰ ਨਹੀ ਪਤਾ ਕਿ ਉੱਥੇ ਹੁਣ ਕੀ ਹੋ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਲੀਗ ਅਤੇ ਆਈਪੀਐੱਲ ਵਿਚ ਖੇਡਣਾ ਹੈ। ਉਸ ਨੇ ਕਿਹਾ ਕਿ ਜੇ ਉਸ ਦੀ ਚੋਣ ਹੋ ਜਾਂਦੀ ਹੈ ਤਾਂ ਇਹ ਵਿਸ਼ਵ ਕੱਪ ਦੇ ਲਈ ਢੁਕਵੀਂ ਤਿਆਰੀ ਹੋਵੇਗੀ। ਗੇਂਦ ਨਾਲ ਛੇੜਛਾੜ ਤੋਂ ਬਾਅਦ ਦੇ 9 ਮਹੀਨਿਆਂ ਦੇ ਸਮੇਂ ਬਾਰੇ ਕੀਤੇ ਸਵਾਲਾਂ ਦੇ ਜਵਾਬ ਵਿਚ ਸਮਿੱਥ ਨੇ ਕਿਹਾ ਕਿ ਇਹ ਮੁਸ਼ਕਿਲ ਦੌਰ ਸੀ ਪਰ ਉਸ ਨੇ ਅਜਿਹੇ ਹਲਾਤ ਵਿਚੋਂ ਨਿਕਲਣਾ ਸਿੱਖਿਆ ਹੈ। ਇਹ ਅਜਿਹੇ ਦਿਨ ਸੀ ਜਦੋਂ ਉਹ ਆਪਣੇ ਬੈੱਡ ਉੱਤੇ ਪਿਆ ਰਹਿਣਾ ਚਾਹੁੰਦਾ ਸੀ ਪਰ ਉਸ ਦੇ ਆਲੇ ਦੁਆਲੇ ਅਜਿਹੇ ਲੋਕ ਸਨ, ਜੋ ਹਮੇਸ਼ਾਂ ਉਸ ਨੂੰ ਹੌਸਲਾ ਦਿੰਦੇ ਸਨ ਅਤੇ ਉਸ ਨੂੰ ਇਹ ਸਮਝਾਉਣ ਵਿਚ ਸਹਾਇਤਾ ਕੀਤੀ ਕਿ ਸਭ ਕੁੱਝ ਠੀਕ-ਠਾਕ ਹੈ।