ਸਮਿੱਥ ਨੂੰ ਬੰਗਲਾਦੇਸ਼ ਟਵੰਟੀ-20 ਲੀਗ ਤੋਂ ਕੀਤਾ ਬਾਹਰ

ਬੰਗਲਾਦੇਸ਼ ਕਿ੍ਕਟ ਬੋਰਡ ਨੇ ਵੀਰਵਾਰ ਨੂੰ ਕੁੱਝ ਟੀਮਾਂ ਵੱਲੋਂ ਇਤਰਾਜ਼ ਕੀਤੇ ਜਾਣ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਆਗਾਮੀ ਬੰਗਲਾਦੇਸ਼ ਪ੍ਰੀਮੀਅਰ ਲੀਗ ਟੀ-20 ਦੇ ਵਿਚੋਂ ਬਾਹਰ ਕਰ ਦਿੱਤਾ ਹੈ। ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਅੰਤਰਾਸ਼ਟਰੀ ਕ੍ਰਿਕਟ ਅਤੇ ਆਸਟਰੇਲੀਆ ਦੇ ਘਰੇਲੂ ਸ਼ੈਫੀਲਡ ਸ਼ੀਲਡ ਅਤੇ ਬਿੱਗ ਬੈਸ਼ ਲੀਗ ਵਿਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਨੂੰ ਪੰਜ ਜਨਵਰੀ ਤੋਂ ਸ਼ੁਰੂ ਹੋ ਰਹੇ ਬੀਪੀਐੱਲ ਵਿੱਚ ਕੋਮਿਲਾ ਵਿਕਟੋਰੀਅਸ ਦੇ ਲਈ ਖੇਡਣਾ ਸੀ। ਉਹ ਪਾਕਿਸਤਾਨ ਦੇ ਸ਼ੋਇਬ ਮਲਿਕ ਦੇ ਬਦਲ ਦੇ ਰੂਪ ਵਿਚ ਸ਼ਾਮਲ ਹੋਏ ਸਨ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁਖੀ ਨਿਜ਼ਾਮੂਦੀਨ ਚੌਧਰੀ ਨੇ ਕਿਹਾ ਕਿ ਟੂਰਨਾਮੈਂਟ ਦੇ ਨਿਯਮ ਦੇ ਤਹਿਤ ਜੇ ਕੋਈ ਫਰੈਂਚਾਈਜ਼ੀ ਬਦਲਵੇਂ ਖਿਡਾਰੀ ਨੂੰ ਚੁਣਦੀ ਹੈ ਤਾਂ ਉਸ ਦਾ ਨਾਂਅ ਸ਼ੁਰੂਆਤੀ ਡਰਾਫਟ ਵਿੱਚ ਹੋਣਾ ਚਾਹੀਦਾ ਹੈ ਪਰ ਸਮਿਥ ਦਾ ਨਾਂਅ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੁੱਝ ਟੀਮਾਂ ਨੇ ਇਸ ਦੇ ਉੱਤੇ ਇਤਰਾਜ਼ ਪ੍ਰਗਟਾਇਆ ਸੀ ਤਾਂ ਬੋਰਡ ਨੇ ਸਮਿੱਥ ਨੂੰ ਲੀਗ ਵਿਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਦੇ ਸਾਬਕਾ ਉਪ ਕਪਤਾਨ ਡੇਵਿਡ ਵਾਰਨਰ ਹਾਲਾਂ ਕਿ ਟੂਰਨਾਮੈਂਟ ਵਿਚ ਸਿਲਹਟ ਸਿਕਸਰਜ਼ ਦੇ ਲਈ ਖੇਡੇਗਾ।