ਫੇਸਬੁੱਕ ਵਲੋਂ ਆਪਣੇ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ਾਂ ਤੋਂ ਇਨਕਾਰ

ਫੇਸਬੁੱਕ ਨੇ ਅੱਜ ਮੁੜ ਆਖਿਆ ਕਿ ਉਸ ਨੇ ਨੈੱਟਫਲਿਕਸ ਜਾਂ ਸਪੋਟੀਫਾਈ ਜਿਹੀਆਂ ਆਪਣੀਆਂ ਭਿਆਲ ਕੰਪਨੀਆਂ ਨੂੰ ਵਰਤੋਂਕਾਰਾਂ ਦੀ ਪ੍ਰਵਾਨਗੀ ਤੋਂ ਬਗ਼ੈਰ ਉਨ੍ਹਾਂ ਦੇ ਨਿੱਜੀ ਸੰਦੇਸ਼ਾਂ ਤੱਕ ਰਸਾਈ ਦੀ ਆਗਿਆ ਕਦੇ ਨਹੀਂ ਦਿੱਤੀ। ਫੇਸਬੁੱਕ ਦੇ ਪ੍ਰੋਡਕਟ ਪਾਰਟਨਰਸ਼ਿਪਜ਼ ਬਾਰੇ ਵਾਈਸ ਪ੍ਰੈਜ਼ੀਡੈਂਟ ਆਈਮ ਆਰਚੀਬੌਂਗ ਨੇ ਆਖਿਆ ਕਿ ਸੋਸ਼ਲ ਨੈੱਟਵਰਕਿੰਗ ਕੰਪਨੀ ਆਪਣੀਆਂ ਭਿਆਲ ਕੰਪਨੀਆਂ ਨਾਲ ਨੇੜਿਓਂ ਕੰਮ ਕਰਦੀ ਹੈ ਤਾਂ ਕਿ ਸੰਦੇਸ਼ਿਆਂ ਦੀ ਕਾਬਲੀਅਤ ਨੂੰ ਉਨ੍ਹਾਂ ਦੇ ਉਤਪਾਦਾਂ ਨਾਲ ਜੋੜਿਆ ਜਾ ਸਕੇ ਤਾਂ ਕਿ ਲੋਕ ਆਪਣੇ ਫੇਸਬੁੱਕ ਦੋਸਤਾਂ ਨੂੰ ਸੁਨੇਹੇ ਭੇਜ ਸਕਣ ਪਰ ਅਜਿਹਾ ਤਦ ਹੀ ਹੋ ਸਕੇਗਾ ਜੋ ਉਹ ਫੇਸਬੁੱਕ ਦੇ ਲੌਗਇਨ ਦੀ ਵਰਤੋਂ ਕਰਨਗੇ। ਫ਼ੇਸਬੁਕ ਦੀ ਤਰਫੋਂ ਦੂਜਾ ਖੰਡਨ ਉਦੋਂ ਆਇਆ ਜਦੋਂ ਨਿਊ ਯੌਰਕ ਟਾਈਮਜ਼ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਫੇਸਬੁਕ ਨੇ ਵੱਡੀਆਂ ਤਕਨਾਲੋਜੀ ਕੰਪਨੀਆਂ ਅਤੇ ਨੈੱਟਫਲਿਕਸ ਅਤੇ ਸਪੋਟੀਫਾਈ ਜਿਹੀਆਂ ਲੋਕਪ੍ਰਿਅ ਐਪਸ ਨੂੰ ਆਪਣੇ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਤੱਕ ਰਸਾਈ ਦੀ ਆਗਿਆ ਦਿੱਤੀ ਹੋਈ ਸੀ।