ਹਾਕੀ ਵਿਸ਼ਵ ਰੈਂਕਿੰਗ: ਬੈਲਜੀਅਮ ਅੱਵਲ ਟੀਮ ਬਣੀ

ਹਾਕੀ ਦਾ ਵਿਸ਼ਵ ਖ਼ਿਤਾਬ ਜਿੱਤਣ ਤੋਂ ਬਾਅਦ ਬੈਲਜੀਅਮ ਦੀ ਟੀਮ ਦੁਨੀਆਂ ਦੀ ਨੰਬਰ ਇੱਕ ਟੀਮ ਬਣ ਗਈ ਹੈ। ਪਿਛਲੇ ਕਈ ਸਾਲਾਂ ਤੋਂ ਨੰਬਰ ਇੱਕ ’ਤੇ ਟਿਕੀ ਹੋਈ ਆਸਟਰੇਲੀਆ ਦੀ ਟੀਮ ਹੁਣ ਦੂਜੇ ਸਥਾਨ ’ਤੇ ਖਿਸਕ ਗਈ ਹੈ। ਐਫਆਈਐਚ ਨੇ ਇੱਥੇ ਖ਼ਤਮ ਹੋਏ ਵਿਸ਼ਵ ਕੱਪ ਵਿੱਚ ਟੀਮਾਂ ਦੀ ਕਾਰਗੁਜ਼ਾਰੀ ਤੋਂ ਬਾਅਦ ਨਵੀਂ ਦਰਜਾਬੰਦੀ ਸੂਚੀ ਜਾਰੀ ਕੀਤੀ ਹੈ। ਬੈਲਜੀਅਮ ਦੀ ਟੀਮ ਦੇ 2196 ਅੰਕ ਹੋ ਗਏ ਹਨ, ਜਦੋਂਕਿ ਆਸਟਰੇਲੀਆ ਦੀ ਟੀਮ 15 ਅੰਕਾਂ ਨਾਲ ਪਛੜ ਕੇ ਦੂਜੇ ਸਥਾਨ ’ਤੇ ਆ ਗਈ ਹੈ। ਵਿਸ਼ਵ ਕੱਪ ਵਿੱਚ ਉਪ ਜੇਤੂ ਬਣਨ ਦਾ ਨੈਦਰਲੈਂਡਜ਼ ਨੂੰ ਫ਼ਾਇਦਾ ਹੋਇਆ ਹੈ ਜਿਸ ਕਰਕੇ ਇਹ ਟੀਮ ਚੌਥੇ ਸਥਾਨ ਤੋਂ ਤੀਜੇ ਸਥਾਨ ’ਤੇ ਪੁੱਜ ਗਈ ਹੈ। ਓਲੰਪਿਕ ਚੈਂਪੀਅਨ ਅਰਜਨਟੀਨਾ ਦਾ ਇਸ ਵਿਸ਼ਵ ਕੱਪ ਵਿੱਚ ਪ੍ਰ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ, ਜਿਸ ਕਰਕੇ ਟੀਮ ਦੀ ਰੈਂਕਿੰਗ ਤੀਜੇ ਸਥਾਨ ਤੋਂ ਖਿਸਕ ਕੇ ਚੌਥੇ ਸਥਾਨ ’ਤੇ ਆ ਗਈ ਹੈ। ਵਿਸ਼ਵ ਕੱਪ ਵਿੱਚ ਭਾਰਤ ਦੇ ਪ੍ਰਦਰਸ਼ਨ ਦਾ ਰੈਂਕਿੰਗ ਉਪਰ ਕੋਈ ਅਸਰ ਨਹੀਂ ਪਿਆ, ਜਿਸ ਕਰਕੇ ਟੀਮ ਨੇ ਪੰਜਵਾਂ ਸਥਾਨ ਬਰਕਰਾਰ ਰੱਖਿਆ ਹੈ। ਚੀਨ ਅਤੇ ਫਰਾਂਸ ਦੀਆਂ ਟੀਮਾਂ ਵੱਲੋਂ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਦਾ ਟੀਮਾਂ ਨੂੰ ਕਾਫੀ ਫ਼ਾਇਦਾ ਹੋਇਆ। 17ਵੇਂ ਸਥਾਨ ’ਤੇ ਚੱਲੀ ਆ ਰਹੀ ਚੀਨ ਦੀ ਟੀਮ ਹੁਣ 14ਵੇਂ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਫਰਾਂਸ 20ਵੀਂ ਰੈਕਿੰਗ ਤੋਂ 15ਵੇਂ ਸਥਾਨ ’ਤੇ ਪੁੱਜ ਗਿਆ ਹੈ।