ਵਿਸ਼ਵ ਕੱਪ ਹਾਕੀ ਦੇ ਸੈਮੀ ਫਾਈਨਲ ਮੈਚ ਅੱਜ

ਆਸਟਰੇਲੀਆ ਸਾਹਮਣੇ ਡੱਚ ਟੀਮ ਦੀ ਚੁਣੌਤੀ; ਬੈਲਜੀਅਮ ਦੀ ਟੱਕਰ ਇੰਗਲੈਂਡ ਨਾਲ

ਪੁਰਸ਼ਾਂ ਦੇ 14ਵੇਂ ਵਿਸ਼ਵ ਹਾਕੀ ਕੱਪ ਦੇ ਸੈਮੀ ਫਾਈਨਲ ਮੈਚ ਸ਼ਨਿੱਚਵਾਰ ਤੋਂ ਇੱਥ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾਣਗੇ। ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਤੇ ਰੀਓ ਓਲੰਪਿਕ ਦੀ ਉਪ ਜੇਤੂ ਬੈਲਜੀਅਮ ਅਤੇ ਇੰਗਲੈਂਡ ਵਿਚਾਲੇ ਪਹਿਲਾ ਸੈਮੀ ਫਾਈਨਲ ਮੈਚ ਸ਼ਾਮ ਚਾਰ ਵਜੇ ਖੇਡਿਆ ਜਾਵੇਗਾ, ਜਦੋਂਕਿ ਵਿਸ਼ਵ ਖ਼ਿਤਾਬ ਦੀ ਹੈਟ੍ਰਿਕ ਲਾਉਣ ਲਈ ਉਤਰੀ ਆਸਟਰੇਲੀਆ ਦਾ ਸਾਹਮਣਾ ਪਿਛਲੀ ਵਾਰ ਦੀ ਉਪ ਜੇਤੂ ਨੈਂਦਰਲੈਂਡਜ਼ ਨਾਲ ਸਾਢੇ ਛੇ ਵਜੇ ਹੋਵੇਗਾ। ਦੋਵੇਂ ਸੈਮੀ ਫਾਈਨਲ ਮੈਚ ਦਿਲਸਚਪ ਰਹਿਣ ਦੀ ਸੰਭਾਵਨਾ ਹੈ। ਪਹਿਲੇ ਮੈਚ ਵਿੱਚ ਇੰਗਲੈਂਡ ਵਿਰੁੱਧ ਬੈਲਜੀਅਮ ਦਾ ਪੱਲੜਾ ਭਾਰੀ ਜਾਪਦਾ ਹੈ। ਵਿਸ਼ਵ ਕੱਪ ਵਿੱਚ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਬੈਲਜੀਅਮ ਦੀ ਟੀਮ ਦੀ ਪਿਛਲੇ ਸਾਲਾਂ ਦੌਰਾਨ ਕਾਰਗੁਜ਼ਾਰੀ ਦਾ ਗਿਰਾਫ ਲਗਾਤਾਰ ਉਪਰ ਜਾ ਰਿਹਾ ਹੈ। ਪੂਲ ਮੈਚਾਂ ਵਿੱਚ ਬੈਲਜੀਅਮ ਨੇ ਭਾਰਤ ਖ਼ਿਲਾਫ਼ ਡਰਾਅ ਖੇਡਣ ਤੋਂ ਇਲਾਵਾ ਬਾਕੀ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੂਲ ਗੇੜ ਦੇ ਮੈਚਾਂ ਦੌਰਾਨ ਬੈਲਜੀਅਮ ਨੇ ਨੌਂ ਗੋਲ ਕੀਤੇ ਅਤੇ ਚਾਰ ਗੁਆਏ ਹਨ। ਦੂਜੇ ਪਾਸੇ, ਇੰਗਲੈਂਡ ਇੱਕੋ-ਇੱਕ ਅਜਿਹੀ ਟੀਮ ਹੈ ਜਿਹੜੀ ਪੂਲ ਮੈਚਾਂ ਵਿੱਚ ਮਾੜੇ ਗੋਲ ਔਸਤ ਦੇ ਬਾਵਜੂਦ ਸੈਮੀ ਫਾਈਨਲ ਵਿੱਚ ਥਾਂ ਬਣਾਉਣ ’ਚ ਕਾਮਯਾਬ ਰਹੀ। ਤਿੰਨ ਪੂਲ ਮੈਚਾਂ ਵਿੱਚੋਂ ਇੰਗਲੈਂਡ ਨੇ ਸਿਰਫ਼ ਇੱਕ ਜਿੱਤਿਆ ਹੈ, ਜਦੋਂਕਿ ਇੱਕ ਡਰਾਅ ਖੇਡਿਆ ਅਤੇ ਇੱਕ ਵਿੱਚ ਹਾਰ ਝੱਲਣੀ ਪਈ। ਪੂਲ ਗੇੜ ਦੌਰਾਨ ਇੰਗਲੈਂਡ ਨੇ ਵਿਰੋਧੀ ਟੀਮਾਂ ਤੋਂ ਸੱਤ ਗੋਲ ਖਾਧੇ ਤੇ ਛੇ ਕੀਤੇ ਹਨ। ਇਸ ਨੂੰ ਇੰਗਲੈਂਡ ਦੀ ਖੁਸ਼ਕਿਸਮਤੀ ਹੀ ਕਿਹਾ ਜਾ ਸਕਦਾ ਹੈ, ਜੋ ਟੂਰਨਾਮੈਂਟ ਵਿੱਚ ਔਸਤਨ ਕਾਰਗੁਜ਼ਾਰੀ ਦੇ ਬਾਵਜੂਦ ਸੈਮੀ ਫਾਈਨਲ ਖੇਡ ਰਹੀ ਹੈ। ਸਾਲ 2014 ਦੇ ਵਿਸ਼ਵ ਕੱਪ ਵਿੱਚ ਇੰਗਲੈਂਡ ਚੌਥੇ ਸਥਾਨ ’ਤੇ ਰਿਹਾ ਸੀ। ਇੰਗਲੈਂਡ ਦੀ ਵੱਡੀ ਕਮਜ਼ੋਰੀ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਨਾ ਕਰਨ ਦੀ ਹੈ। ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਇੰਗਲੈਂਡ ਨੂੰ ਮਿਲੇ 34 ਪੈਨਲਟੀ ਕਾਰਨਰਾਂ ’ਚੋਂ ਟੀਮ ਸਿਰਫ਼ ਦੋ ਨੂੰ ਹੀ ਗੋਲਾਂ ਵਿੱਚ ਬਦਲ ਸਕੀ ਹੈ। ਹਾਲਾਂਕਿ ਇੰਗਲੈਂਡ ਨੇ ਆਪਣੀ ਰਣਨੀਤੀ ਨਾਲ ਰੀਓ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਕੁਆਰਟਰ ਫਾਈਨਲ ਵਿੱਚ ਮਾਤ ਦਿੱਤੀ, ਜਿਸ ਕਾਰਨ ਉਸ ਦੇ ਹੌਂਸਲੇ ਬੁਲੰਦ ਹਨ। ਦੂਜੇ ਸੈਮੀ ਫਾਈਨਲ ਵਿੱਚ ਨੈਂਦਰਲੈਂਡਜ਼ ਵਿਰੁਧ ਆਸਟਰੇਲੀਆ ਦਾ ਪੱਲੜਾ ਭਾਰੀ ਹੈ। ਪਿਛਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਨੇ ਨੈਂਦਰਲੈਂਡਜ਼ ਨੂੰ ਹਰਾਇਆ ਸੀ, ਹੁਣ ਦੋਵੇਂ ਟੀਮਾਂ ਆਖ਼ਰੀ ਚਾਰ ਵਿੱਚ ਆਹਮੋ-ਸਾਹਮਣੇ ਹਨ। ਟੂਰਨਾਮੈਂਟ ਦੌਰਾਨ ਆਸਟਰੇਲੀਆ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਇਸ ਟੀਮ ਨੇ ਹੁਣ ਤੱਕ ਵਿਰੋਧੀ ਟੀਮਾਂ ਸਿਰ ਸਭ ਤੋਂ ਵੱਧ 19 ਗੋਲ ਦਾਗ਼ੇ ਹਨ, ਜਦਕਿ ਸਿਰਫ਼ ਇੱਕ ਗੋਲ ਗੁਆਇਆ ਹੈ। ਸੈਮੀ ਫਾਈਨਲ ਵਿੱਚ ਆਸਟਰੇਲੀਆ ਇੱਕੋ-ਇੱਕ ਟੀਮ ਹੈ, ਜਿਸ ਦੇ ਆਪਣੇ ਪੂਲ ਵਿੱਚ ਸਭ ਤੋਂ ਵੱਧ ਨੌਂ ਅੰਕ ਹਨ। ਇਸ ਟੀਮ ਨੇ ਹੁਣ ਤੱਕ ਸਾਰੇ ਮੈਚ ਬੜੀ ਆਸਾਨੀ ਨਾਲ ਜਿੱਤੇ ਹਨ। ਦੂਜੇ ਪਾਸੇ, ਨੈਂਦਰਲੈਂਡਜ਼ ਦੀ ਟੀਮ ਇਸ ਕੱਪ ਵਿੱਚ ਔਸਤਨ ਰਹੀ ਹੈ। ਪੂਲ ਮੈਚ ਵਿੱਚ ਜਰਮਨੀ ਕੋਲੋਂ ਹਾਰਨ ਤੋਂ ਇਲਾਵਾ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਨੂੰ ਹਰਾਉਣ ਲਈ ਇਸ ਟੀਮ ਨੂੰ ਤਕੜਾ ਸੰਘਰਸ਼ ਕਰਨਾ ਪਿਆ ਸੀ। ਨੈਂਦਰਲੈਂਡਜ਼ ਦੀ ਚੰਗੀ ਟੱਕਰ ਦੇਣ ਦੀ ਸਮਰੱਥਾ ਕਰਕੇ ਮੈਚ ਨੂੰ ਰੌਚਕ ਕਰ ਸਕਦੀ ਹੈ।