ਨਾਮਵਰ ਗੋਲਚੀਆਂ ’ਚ ਸ਼ੁਮਾਰ ਪੀਆਰ ਸ੍ਰੀਜੇਸ਼

ਦੱਖਣੀ ਏਸ਼ਿਆਈ ਖੇਡਾਂ-2006 (ਕੋਲੰਬੋ) ਰਾਹੀਂ ਸੀਨੀਅਰ ਕੌਮੀ ਹਾਕੀ ਟੀਮ ਵਿੱਚ ਪੈਰ ਧਰਨ ਵਾਲਾ ਪੀਆਰ ਸ੍ਰੀਜੇਸ਼ ਇਸ ਸਮੇਂ ਦੁਨੀਆਂ ਦੇ ਮੰਨੇ-ਪ੍ਰਮੰਨੇ ਗੋਲਕੀਪਰਾਂ ਵਿੱਚ ਸ਼ੁਮਾਰ ਹੈ। ਸ੍ਰੀਜੇਸ਼ ਨੇ ਹਾਕੀ ਚੁੱਕਣ ਤੋਂ ਪਹਿਲਾਂ ਫਰਾਟਾ ਦੌੜਾਕ ਅਤੇ ਲੰਬੀ ਛਾਲ ਦਾ ਅਥਲੀਟ ਬਣਨ ਤੋਂ ਇਲਾਵਾ ਵਾਲੀਬਾਲ ਵਿੱਚ ਵੀ ਹੱਥ ਅਜ਼ਮਾਇਆ। ਸ੍ਰੀਜੇਸ਼ ਨੂੰ 2004 ’ਚ ਪਰਥ ਜੂਨੀਅਰ ਕੌਮੀ ਟੀਮ ਨਾਲ ਆਸਟਰੇਲੀਆ ਵਿਰੁੱਧ ਪਹਿਲੀ ਵਾਰ ਕੌਮਾਂਤਰੀ ਹਾਕੀ ਮੈਚ ਖੇਡਣ ਦਾ ਮੌਕਾ ਮਿਲਿਆ। ਲੰਬੀ ਛਾਲ ਦੀ ਅਥਲੀਟ ਅਨੀਸ਼ੀਆ ਨਾਲ ਵਿਆਹ ਕਰਵਾਉਣ ਵਾਲਾ ਸ੍ਰੀਜੇਸ਼ 201 ਕੌਮਾਂਤਰੀ ਮੈਚ ਖੇਡ ਚੁੱਕਿਆ ਹੈ। ਜੂਨੀਅਰ ਏਸ਼ੀਆ ਹਾਕੀ ਕੱਪ (2008) ਜੇਤੂ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਸ੍ਰੀਜੇਸ਼ ਨੂੰ ਰੀਓ-2016 ਦੌਰਾਨ ਕੌਮੀ ਹਾਕੀ ਟੀਮ ਦਾ ਕਪਤਾਨ ਬਣਿਆ, ਜਿਸ ਵਿੱਚ ਉਸ ਨੂੰ ‘ਬੈਸਟ ਗੋਲਕੀਪਰ ਆਫ ਦਿ ਟੂਰਨਾਮੈਂਟ’ ਦਾ ਖ਼ਿਤਾਬ ਦਿੱਤਾ ਗਿਆ। ਲੰਡਨ ਓਲੰਪਿਕ-2012 ਅਤੇ ਹੇਗ-2014 ’ਚ ਕੌਮੀ ਹਾਕੀ ਟੀਮ ਦੇ ਇਸ ਗੋਲਕੀਪਰ ਦਾ ਪੂਰਾ ਨਾਮ ਪਰਾਤੂ ਰਵਿੰਦਰਨ ਸ੍ਰੀਜੇਸ਼ ਹੈ। ਇੰਚਿਓਨ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਟਾਈਬਰੇਕਰ ਦੌਰਾਨ ਪਾਕਿਸਤਾਨੀ ਖਿਡਾਰੀਆਂ ਦੇ ਗੋਲਾਂ ਦੇ ਸ਼ਾਟ ਨੂੰ ਠੁੱਸ ਕਰਕੇ ਭਾਰਤ ਦੀ ਝੋਲੀ ਵਿੱਚ ਤੀਜੀ ਵਾਰ ਏਸ਼ਿਆਈ ਹਾਕੀ ਦਾ ਸੋਨ ਤਗ਼ਮਾ ਪਾਉਣ ’ਚ ਅਹਿਮ ਭੂਮਿਕਾ ਨਿਭਾਈ। ਚੈਂਪੀਅਨਜ਼ ਹਾਕੀ ਟਰਾਫੀ ਦੇ ਦੋ ਸੈਸ਼ਨਾਂ (ਲੰਡਨ-2016 ਅਤੇ ਹਾਲੈਂਡ-2018) ਦੌਰਾਨ ਚਾਂਦੀ ਦਾ ਤਗ਼ਮਾ ਜੇਤੂ ਟੀਮ ਵਿੱਚ ਵੀ ਸ੍ਰੀਜੇਸ਼ ਗੋਲਚੀ ਰਿਹਾ। ਸ੍ਰੀਜੇਸ਼ ਕੇਰਲਾ ਸਰਕਾਰ ਦੇ ਐਜੂਕੇਸ਼ਨ ਵਿਭਾਗ ’ਚ ‘ਚੀਫ ਸਪੋਰਟਸ ਆਗੇਨਾਈਜ਼ਰ’ ਦੇ ਅਹੁਦੇ ’ਤੇ ਤਾਇਨਾਤ ਹੈ। ਉਹ ਜਕਾਰਤਾ ਏਸ਼ਿਆਈ ਖੇਡਾਂ-2018 (ਕਾਂਸੀ ਦਾ ਤਗ਼ਮਾ), ਗਲਾਸਗੋ ਰਾਸ਼ਟਰਮੰਡਲ ਖੇਡਾਂ (ਚਾਂਦੀ ਦਾ ਤਗ਼ਮਾ) ਅਤੇ ਭੁਬਨੇਸ਼ਵਰ ਵਿਸ਼ਵ ਹਾਕੀ ਲੀਗ-2015 (ਕਾਂਸੀ ਦਾ ਤਗਮਾ) ਦੌਰਾਨ ਵੀ ਭਾਰਤੀ ਹਾਕੀ ਟੀਮ ਦਾ ਗੋਲਕੀਪਰ ਰਿਹਾ। ਹੁਣ ਸ੍ਰੀਜੇਸ਼ ’ਤੇ ਭੁਬਨੇਸ਼ਵਰ ਵਿੱਚ ਚੱਲ ਰਿਹਾ ਵਿਸ਼ਵ ਕੱਪ ਜਿਤਾਉਣ ਦੀ ਜ਼ਿੰਮੇਵਾਰੀ ਹੈ।