ਸੀਤਾਰਾਮਨ ਤੇ ਜੇਮਸ ਮੈਟਿਜ਼ ਵੱਲੋਂ ਮੁਲਾਕਾਤ

ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਜ਼ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਭਾਰਤ ਤੇ ਅਮਰੀਕਾ ਨੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ’ਤੇ ਸਹਿਮਤੀ ਜ਼ਾਹਰ ਕੀਤੀ। ਮੁਲਾਕਾਤ ’ਚ ਮੈਟਿਜ਼ ਨੇ ਭਾਰਤ ਨੂੰ ਪੂਰੇ ਹਿੰਦ-ਪ੍ਰਸ਼ਾਤ ਖੇਤਰ ਅਤੇ ਦੁਨੀਆਂ ਨੂੰ ਸਥਿਰਤਾ ਦੇਣ ਵਾਲੀ ਤਾਕਤ ਦੱਸਿਆ। ਅਮਰੀਕੀ ਰੱਖਿਆ ਮੰਤਰੀ ਨੇ ਪੈਂਟਾਗਨ ’ਚ ਚੌਥੇ ਦੌਰ ਦੀ ਮੀਟਿੰਗ ’ਚ ਆਪਣੇ ਭਾਰਤੀ ਹਮਰੁਤਬਾ ਦਾ ਸਵਾਗਤ ਕੀਤਾ। ਭਾਰਤੀ ਰੱਖਿਆ ਮੰਤਰੀ ਅਮਰੀਕਾ ਦੀ ਪੰਜ ਰੋਜ਼ਾ ਯਾਤਰਾ ’ਤੇ ਹਨ। ਮੈਟਿਜ਼ ਨੇ ਸੋਮਵਾਰ ਨੂੰ ਸੀਤਾਰਾਮਨ ਦਾ ਪੈਂਟਾਗਨ ’ਚ ਦੋਵਾਂ ਆਗੂਆਂ ਲਈ ਪ੍ਰਤੀਨਿਧੀ ਪੱਧਰ ਦੀ ਮੀਟਿੰਗ ’ਚ ਸਵਾਗਤ ਕਰਦਿਆਂ ਕਿਹਾ, ‘ਅਮਰੀਕਾ ਤੇ ਭਾਰਤ ਨੇ ਅਤੀਤ ਤੋਂ ਚੱਲੇ ਆ ਰਹੇ ਅੜਿੱਕਿਆਂ ਨੂੰ ਦੂਰ ਕੀਤਾ। ਦੋਵਾਂ ਦੇਸ਼ਾਂ ਨੇ ਦੋਸਤੀ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸਪੱਸ਼ਟ ਕੀਤਾ ਕਿ ਦੋਵਾਂ ਮੁਲਕਾਂ ਵਿਚਾਲੇ ਬਰਾਬਰ ਤਾਲਮੇਲ ਤੇ ਭਾਈਵਾਲੀ ਹੈ ਅਤੇ ਕਿਤੇ ਵੀ ਕੋਈ ਵਿਰੋਧ ਨਹੀਂ ਹੈ।’ ਇਸ ਮੌਕੇ ਦੋਵਾਂ ਮੁਲਕਾਂ ਨੇ ਸੀਓਐੱਮਸੀਏਐੱਸਏ ’ਤੇ ਦਸਤਖਤ ਕੀਤੇ ਜੋ ਭਾਰਤ ਨੂੰ ਆਧੁਨਿਕ ਫੌਜੀ ਹਾਰਡਵੇਅਰ ਹਾਸਲ ਕਰਨ ਦੀ ਇਜਾਜ਼ਤ ਦਿੰਦਾ ਹੈ।