ਅੱਜ ਭਾਰਤ ਸਾਹਮਣੇ ਬੈਲਜੀਅਮ ਦੀ ਮੁਸ਼ਕਲ ਚੁਣੌਤੀ

ਵਿਸ਼ਵ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਮਗਰੋਂ ਭਾਰਤੀ ਹਾਕੀ ਟੀਮ ਸਾਹਮਣੇ ਐਤਵਾਰ ਨੂੰ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਵਜੋਂ ਮੁਸ਼ਕਲ ਚੁਣੌਤੀ ਹੋਵੇਗੀ, ਜਿਸ ਨੂੰ ਹਰਾਉਣ ’ਤੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਹੈ। ਪਿਛਲੇ 43 ਸਾਲ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਤਗ਼ਮਾ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਹਾਕੀ ਟੀਮ ਨੇ 16 ਦੇਸ਼ਾਂ ਦੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-0 ਗੋਲਾਂ ਨਾਲ ਹਰਾਇਆ। ਰੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਬੈਲਜੀਅਮ ਟੀਮ ਨੇ ਕੈਨੇਡਾ ਨੂੰ 2-1 ਗੋਲਾਂ ਨਾਲ ਮਾਤ ਦਿੱਤੀ, ਪਰ ਉਸ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਨਹੀਂ ਰਿਹਾ। ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਅਜੇ ਤੱਕ ਸਿਰਫ਼ ਇੱਕ ਵਾਰ 1975 ਵਿੱਚ ਵਿਸ਼ਵ ਕੱਪ ਜਿੱਤ ਸਕੀ ਹੈ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਹਮਲਾਵਰ ਹਾਕੀ ਖੇਡੀ ਹੈ ਅਤੇ ਉਹ ਹੁਣ ਇਸ ਲੈਅ ਨੂੰ ਜਾਰੀ ਰੱਖਣਾ ਚਾਹੇਗਾ। ਹਾਲਾਂਕਿ ਪ੍ਰਦਰਸ਼ਨ ਵਿੱਚ ਲਗਾਤਾਰਤਾ ਦੀ ਘਾਟ ਭਾਰਤੀ ਹਾਕੀ ਦੀ ਪੁਰਾਣੀ ਸਮੱਸਿਆ ਰਹੀ ਹੈ। ਉਸ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਬੈਲਜੀਅਮ ਟੀਮ ਨੂੰ ਹਰਾਉਣ ਲਈ ਹਰ ਵਿਭਾਗ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਦੱਖਣੀ ਅਫਰੀਕਾ ਖ਼ਿਲਾਫ਼ ਮਨਦੀਪ ਸਿੰਘ, ਸਿਮਰਨਜੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਲਲਿਤ ਉਪਾਧਿਆਇ ਨੇ ਫਾਰਵਰਡ ਕਤਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿਮਰਨਜੀਤ ਨੇ ਦੋ ਗੋਲ ਕੀਤੇ, ਜਦਕਿ ਬਾਕੀ ਤਿੰਨ ਸਟਰਾਈਕਰ ਨੇ ਇੱਕ-ਇੱਕ ਗੋਲ ਦਾਗ਼ਿਆ। ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਮਿਡਫੀਲਡ ਅਤੇ ਡਿਫੈਂਸ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ, ਪਰ ਡਿਫੈਂਡਰ ਹਰਮਨਪ੍ਰੀਤ ਸਿੰਘ, ਬੀਰੇਂਦਰ ਲਾਕੜਾ, ਸੁਰੇਂਦਰ ਕੁਮਾਰ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਹਮਲਾਵਰ ਬੈਲਜੀਅਮ ਖ਼ਿਲਾਫ਼ ਹਰ ਪੱਲ ਚੌਕਸ ਰਹਿਣਾ ਹੋਵੇਗਾ। ਭਾਰਤ ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਹੈ। ਉਹ ਬੈਲਜੀਅਮ ਖ਼ਿਲਾਫ਼ ਆਪਣਾ ਰਿਕਾਰਡ ਵੀ ਬਿਹਤਰ ਕਰਨਾ ਚਾਹੇਗੀ। ਪਿਛਲੇ ਪੰਜ ਸਾਲ ਵਿੱਚ ਦੋਵਾਂ ਟੀਮਾਂ ਵਿਚਾਲੇ ਹੋਏ 19 ਮੁਕਾਬਲਿਆਂ ਵਿੱਚ 13 ਬੈਲਜੀਅਮ ਨੇ ਜਿੱਤੇ ਅਤੇ ਇੱਕ ਡਰਾਅ ਰਿਹਾ ਹੈ। ਆਖ਼ਰੀ ਵਾਰ ਦੋਵਾਂ ਦਾ ਸਾਹਮਣਾ ਨੈਦਰਲੈਂਡ ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਹੋਇਆ ਸੀ, ਜਿਸ ਵਿੱਚ ਆਖ਼ਰੀ ਪਲਾਂ ਵਿੱਚ ਗੋਲ ਗੁਆਉਣ ਕਾਰਨ ਭਾਰਤ ਨੇ 1-1 ਨਾਲ ਡਰਾਅ ਖੇਡਿਆ। ਦੋਵਾਂ ਟੀਮਾਂ ਲਈ ਪੈਨਲਟੀ ਕਾਰਨਰ ਸਮੱਸਿਆ ਬਣੀ ਹੋਈ ਹੈ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਭਾਰਤ ਪੰਜ ਵਿੱਚੋਂ ਇੱਕ ਹੀ ਪੈਨਲਟੀ ਨੂੰ ਗੋਲ ਵਿੱਚ ਬਦਲ ਸਕਿਆ, ਜਦਕਿ ਬੈਲਜੀਅਮ ਨੇ ਕੈਨੇਡਾ ਸਾਹਮਣੇ ਦੋ ਪੈਨਲਟੀ ਕਾਰਨਰ ਗੁਆਏ। ਭਾਰਤ ਦੇ ਮੁੱਖ ਕੋਚ ਹਰਿੰਦਰ ਸਿੰਘ ਪੈਨਲਟੀ ਕਾਰਨਰ ਤੋਂ ਸਿੱਧੇ ਗੋਲ ਨਾ ਕਰ ਪਾਉਣ ਤੋਂ ਨਿਰਾਸ਼ ਨਹੀਂ ਹੈ। ਉਸ ਨੇ ਕਿਹਾ, ‘‘ਅਸੀਂ ਖ਼ੂਬਸੂਰਤ ਮੈਦਾਨੀ ਗੋਲ ਅਤੇ ਪੈਨਲਟੀ ਕਾਰਨਰ ’ਤੇ ਗੋਲ ਦਾਗ਼ੇ। ਪੈਨਲਟੀ ਕਾਰਨਰ ’ਤੇ ਸਿੱਧੇ ਗੋਲ ਨਹੀਂ ਕਰ ਸਕੇ, ਪਰ ਗੋਲ ਕਰਨਾ ਅਹਿਮ ਹੈ। ਕਿਵੇਂ ਹੋਏ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ।’’ ਬੈਲਜੀਅਮ ਨੇ ਪਿਛਲੇ ਇੱਕ ਦਹਾਕੇ ਦੌਰਾਨ ਵਿਸ਼ਵ ਹਾਕੀ ਵਿੱਚ ਆਪਣਾ ਝੰਡਾ ਬੁਲੰਦ ਰੱਖਿਆ ਹੈ। ਬਿਨਾਂ ਕੋਈ ਵੱਡਾ ਖ਼ਿਤਾਬ ਜਿੱਤੇ, ਉਹ ਚੋਟੀ ਦੀਆਂ ਟੀਮਾਂ ਵਿੱਚ ਸ਼ਾਮਲ ਹੈ। ਬੈਲਜੀਅਮ ਦੇ ਕੋਚ ਸ਼ੇਨ ਮੈਕਲੌਡ ਨੇ ਕਿਹਾ, ‘‘ਭਾਰਤ ਖ਼ਿਲਾਫ਼ ਇਹ ਮੈਚ ਅਸੀਂ ਹਰ ਹਾਲਤ ਵਿੱਚ ਜਿੱਤਣਾ ਹੈ ਅਤੇ ਪੂਰੇ ਅੰਕ ਲੈਣੇ ਹਨ। ਸਾਡਾ ਗੋਲ ਔਸਤ ਉਨ੍ਹਾਂ ਨਹੀਂ ਹੈ, ਜਿੰਨ੍ਹਾ ਅਸੀਂ ਚਾਹੁੰਦੇ ਸੀ। ਇਸ ਲਈ ਸਾਨੂੰ ਜਿੱਤਣਾ ਹੀ ਹੋਵੇਗਾ।’’ ਪੂਲ ‘ਸੀ’ ਦੇ ਹੋਰ ਮੈਚ ਵਿੱਚ ਕੈਨੇਡਾ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।