ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ

ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਖ਼ਾਨ ਨੇ ਮੰਨਿਆ ਕਿ ਦਹਿਸ਼ਤੀ ਸਰਗਰਮੀਆਂ ਲਈ ਆਪਣੀ ਹੀ ਸਰਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਉਨ੍ਹਾਂ ਦੇ ਆਪਣੇ ਮੁਲਕ (ਪਾਕਿਸਤਾਨ) ਦੇ ਹਿੱਤ ਵਿੱਚ ਨਹੀਂ ਹੈ। ਖ਼ਾਨ ਦਾ ਇਹ ਟਿੱਪਣੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਇਕ ਦਿਨ ਮਗਰੋਂ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪਾਕਿਤਸਾਨ ਨਾਲ ਉਦੋਂ ਤਕ ਕੋਈ ਸੰਵਾਦ ਅੱਗੇ ਨਹੀਂ ਤੁਰ ਸਕਦਾ ਜਦੋਂ ਤਕ ਉਹ ਭਾਰਤ ਖ਼ਿਲਾਫ਼ ਦਹਿਸ਼ਤੀ ਕਾਰਵਾਈਆਂ ਤੋਂ ਤੌਬਾ ਨਹੀਂ ਕਰ ਲੈਂਦਾ।
ਇਥੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਪੂਰੇ ਹੋਣ ਮੌਕੇ ਰੱਖੇ ਸਮਾਗਮ ਦੌਰਾਨ ਭਾਰਤੀ ਪੱਤਰਕਾਰਾਂ ਦੇ ਸਮੂਹ ਦੇ ਰੂਬਰੂ ਹੁੰਦਿਆਂ ਖ਼ਾਨ ਨੇ ਕਿਹਾ, ‘ਮੁਲਕ ਤੋਂ ਬਾਹਰ ਦਹਿਸ਼ਤੀ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸਰਜ਼ਮੀਨ ਵਰਤਣ ਦੀ ਇਜਾਜ਼ਤ ਦੇਣਾਂ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ।’ ਵਜ਼ੀਰੇ ਆਜ਼ਮ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਭਾਰਤ ਨਾਲ ਅਮਨ ਚਾਹੁੰਦੇ ਹਨ ਤੇ ਸ੍ਰੀ ਮੋਦੀ ਨੂੰ ਮਿਲ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਤੇ ਉਹ ਉਨ੍ਹਾਂ ਨਾਲ ਹਰ ਮੁੱਦੇ ’ਤੇ ਗੱਲਬਾਤ ਕਰਨ ਲਈ ਤਿਆਰ ਹਨ। ਕਸ਼ਮੀਰ ਮੁੱਦੇ ਦਾ ਹੱਲ ਸੰਭਵ ਹੈ ਜਾਂ ਨਹੀਂ, ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਮੈਂ ਕਿਸੇ ਵੀ ਮੁੱਦੇ ’ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਫ਼ੌਜੀ ਲੜਾਈ ਨਾਲ ਕਸ਼ਮੀਰ ਮੁੱਦੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ।’ ਉਂਜ ਉਨ੍ਹਾਂ ਕਿਹਾ ਕਿ ‘ਕੁਝ ਵੀ ਨਾਮੁਮਕਿਨ ਨਹੀਂ ਹੈ’ ਤੇ ਲੋਕਾਂ ਦੀ ਵਿਚਾਰਧਾਰਾ ਵਿੱਚ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਨੂੰ ਸ਼ੁਭ ਸੰਕੇਤ ਵਜੋਂ ਪ੍ਰਚਾਰ ਰਿਹਾ ਹੈ, ਪਰ ਇਹ ਸੰਕੇਤ ਇਕਪਾਸੜ ਨਹੀਂ ਹੋ ਸਕਦਾ। ਭਾਰਤ ਵਿੱਚ ਅਗਲੇ ਸਾਲ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਖਾਨ ਨੇ ਕਿਹਾ, ‘ਸਾਨੂੰ ਭਾਰਤ ਵਿੱਚ ਆਮ ਚੋਣਾਂ ਦਾ ਅਮਲ ਮੁਕੰਮਲ ਹੋਣ ਦੀ ਬੇਸਬਰੀ ਨਾਲ ਉਡੀਕ ਹੈ ਤਾਂ ਕਿ ਨਵੀਂ ਦਿੱਲੀ ਤੋਂ ਸ਼ੁਭ ਸੰਕੇਤ ਮਿਲ ਸਕੇ।’ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ ਦਵਾ ਮੁਖੀ ਹਾਫ਼ਿਜ਼ ਸਈਦ, ਜਿਸ ਦੇ ਸਿਰ ’ਤੇ ਅਮਰੀਕਾ ਨੇ 1 ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ, ਨੂੰ ਹੁਣ ਤਕ ਸਜ਼ਾ ਨਾ ਦਿੱਤੇ ਜਾਣ ਬਾਰੇ ਖ਼ਾਨ ਨੇ ਕਿਹਾ ਕਿ ਹਾਫ਼ੀਜ਼ ਸਈਦ ਖ਼ਿਲਾਫ਼ ਯੂਐੱਨ ਦੀਆਂ ਪਾਬੰਦੀਆਂ ਆਇਦ ਹਨ ਤੇ ਉਹਦੇ ਖ਼ਿਲਾਫ਼ ਪਹਿਲਾਂ ਹੀ ਸ਼ਿਕੰਜਾ ਕੱਸਿਆ ਜਾ ਚੁੱਕਾ ਹੈ। 26/11 ਹਮਲੇ ਦੇ ਹੋਰਨਾਂ ਮੁਲਜ਼ਮਾਂ ਬਾਰੇ ਪੁੱਛੇ ਜਾਣ ’ਤੇ ਖ਼ਾਨ ਨੇ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।