ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਪਾਰੀ ਨਾਲ ਹਰਾਇਆ

ਲੈੱਗ ਸਪਿੰਨਰ ਯਾਸਿਰ ਸ਼ਾਹ ਨੇ ਨਿਊਜ਼ੀਲੈਂਡ ਖ਼ਿਲਾਫ਼ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਮੈਚ ਵਿੱਚ 14 ਵਿਕਟਾਂ ਲਈਆਂ, ਜਿਸ ਕਾਰਨ ਪਾਕਿਸਤਾਨ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਇੱਥੇ ਪਾਰੀ ਅਤੇ 16 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 1-1 ਨਾਲ ਬਰਾਬਰ ਕਰ ਲਈ। ਪਹਿਲੀ ਪਾਰੀ ਵਿੱਚ 41 ਦੌੜਾਂ ਦੇ ਕੇ ਅੱਠ ਵਿਕਟਾਂ ਲੈਣ ਵਾਲੇ ਯਾਸਿਰ ਨੇ ਫਾਲੋਆਨ ਲਈ ਉਤਰੀ ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿੱਚ ਵੀ 143 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਪਾਰੀ 312 ਦੌੜਾਂ ’ਤੇ ਆਊਟ ਹੋ ਗਈ। ਦੂਜੀ ਪਾਰੀ ਵਿੱਚ ਮੀਡੀਅਮ ਕ੍ਰਮ ਦੇ ਬੱਲੇਬਾਜ਼ ਰੋਸ ਟੇਲਰ (82 ਦੌੜਾ), ਹੈਨਰੀ ਨਿਕੋਲਸ (77 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਟਾਮ ਲੈਥਮ (50 ਦੌੜਾਂ) ਨੇ ਨੀਮ ਸੈਂਕੜਾ ਪਾਰੀਆਂ ਖੇਡੀਆਂ, ਪਰ ਇਹ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਉਣ ਲਈ ਕਾਫੀ ਨਹੀਂ ਸਨ। ਪਹਿਲਾ ਟੈਸਟ ਮੈਚ ਚਾਰ ਦੌੜਾਂ ਨਾਲ ਗੁਆਉਣ ਵਾਲੇ ਪਾਕਿਸਤਾਨ ਨੇ ਇਸ ਮੈਚ ਦੀ ਪਹਿਲੀ ਪਾਰੀ ਪੰਜ ਵਿਕਟਾਂ ’ਤੇ 418 ਦੌੜਾਂ ਬਣਾ ਕੇ ਐਲਾਨੀ ਸੀ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਸਿਰਫ਼ 90 ਦੌੜਾਂ ’ਤੇ ਢੇਰ ਹੋ ਗਈ। ਫਾਲੋਆਨ ਲਈ ਮਜ਼ਬਰੂਰ ਹੋਣ ਮਗਰੋਂ ਨਿਊਜ਼ੀਲੈਂਡ ਨੇ ਚੌਥੇ ਦਿਨ ਦੀ ਸ਼ੁਰੂਆਤ ਦੋ ਵਿਕਟਾਂ ’ਤੇ 131 ਦੌੜਾਂ ਤੋਂ ਕੀਤੀ। ਮਾਹਰ ਬੱਲੇਬਾਜ਼ ਟੇਲਰ ਨੇ ਤੇਜ਼ ਗੇਂਦਬਾਜ਼ ਹਸਨ ਅਲੀ (46 ਦੌੜਾਂ ’ਤੇ ਤਿੰਨ ਵਿਕਟਾਂ) ਦੀ ਦਿਨ ਦੀ ਪਹਿਲੀ ਗੇਂਦ ’ਤੇ ਚੌਕਾ ਮਾਰ ਕੇ ਆਪਣਾ 29ਵਾਂ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ 128 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 82 ਦੌੜਾ ਬਣਾਈਆਂ। ਇਸ ਤੋਂ ਪਹਿਲਾਂ ਤਿੰਨ ਪਾਰੀਆਂ ਵਿੱਚ ਸਿਰਫ਼ 21 ਦੌੜਾਂ ਬਣਾਉਣ ਵਾਲੇ ਟੇਲਰ ਨੇ ਤੀਜੀ ਵਿਕਟ ਲਈ ਲੈਥਮ ਨਾਲ 80 ਦੌੜਾਂ ਦੀ ਸਾਂਝੇਦਾਰੀ ਕੀਤੀ।