ਓਲੰਪਿਕ ਲਈ ਦੀਪਾ ਨੂੰ ਵਿਸ਼ਵ ਕੱਪ ’ਚ ਸੋਨ ਤਗ਼ਮੇ ਦੀ ਲੋੜ ਨਹੀਂ: ਨੰਦੀ

ਕੋਚ ਬਿਸ਼ਵੇਸ਼ਵਰ ਨੰਦੀ ਦਾ ਕਹਿਣਾ ਹੈ ਕਿ ਟੋਕੀਓ ਓਲੰਪਿਕ 2020 ਵਿੱਚ ਕੁਆਲੀਫਾਈ ਕਰਨ ਲਈ ਦੀਪਾ ਕਰਮਾਕਰ ਨੂੰ ਅਗਾਮੀ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਦੀ ਕੋਈ ਲੋੜ ਨਹੀਂ ਹੈ। ਕੋਚ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਇਸ ਦਿੱਗਜ ਜਿਮਨਾਸਟ ਨੂੰ ਸਟੁਟਗਾਰਟ ਵਿੱਚ 2019 ਵਿਸ਼ਵ ਚੈਂਪੀਅਨਸ਼ਿਪ ਦੇ ਪੋਡੀਅਮ ’ਤੇ ਥਾਂ ਦਿਵਾਉਣਾ ਹੈ। ਦੀਪਾ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ਼ਨਿੱਚਰਵਾਰ ਨੂੰ ਜਰਮਨੀ ਦੇ ਕੋਟਬਸ ਵਿੱਚ ਕਲਾਤਮਕ ਜਿਮਨਾਸਟਿਕ ਵਿਸ਼ਵ ਕੱਪ ਦੌਰਾਨ ਕਾਂਸੇ ਦਾ ਤਗ਼ਮਾ ਜਿੱਤਿਆ।
ਨੰਦੀ ਨੇ ਜਰਮਨੀ ਤੋਂ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਕਈ ਤਗ਼ਮਾ ਜੇਤੂਆਂ ਸਮੇਤ ਇੰਨੇ ਮਜ਼ਬੂਤ ਖਿਡਾਰੀਆਂ ਦੀ ਮੌਜੂਦਗੀ ਵਿੱਚ ਉਹ ਇੰਨਾ ਚੰਗਾ ਪ੍ਰਦਰਸ਼ਨ ਕਰੇਗੀ, ਪਰ ਉਸ ਨੇ ਜਿਹੋ ਜਿਹਾ ਵੀ ਪ੍ਰਦਰਸ਼ਨ ਕੀਤਾ, ਮੈਂ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਉਸ ਕੋਲ ਮੁਕਾਬਲੇ ਦੀ ਤਿਆਰੀ ਲਈ ਬੇਹਦ ਘੱਟ ਸਮਾਂ ਸੀ ਤੇ ਉਸ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ। ਪਿਛਲੇ ਕੁਝ ਮਹੀਨਿਆਂ ’ਚ ਮੈਂ ਉਸ ਨੂੰ ਕਾਫ਼ੀ ਰੁਆਇਆ ਹੈ, ਇਸ ਲਈ ਮੈਂ ਕਾਫ਼ੀ ਸੰਤੁਸ਼ਟ ਹਾਂ।’ ਕੋਚ ਨੇ ਕਿਹਾ, ‘ਇਹ ਚੰਗੀ ਸ਼ੁਰੂਆਤ ਹੈ, ਪਰ ਓਲੰਪਿਕ ਦਾ ਟਿਕਟ ਕਟਾਉਣ ਲਈ ਉਸ ਨੂੰ ਵਿਸ਼ਵ ਕੱਪ ਦੇ ਅਗਲੀਆਂ ਤਿੰਨ ਤੋਂ ਚਾਰ ਮੁਕਾਬਲਿਆਂ ’ਚ ਸੋਨ ਤਗ਼ਮਾ ਜਿੱਤਣਾ ਹੋਵੇਗਾ। ਦੂਜੀ ਜਾਂ ਤੀਜੀ ਥਾਂ ਕੋਈ ਮਾਇਨੇ ਨਹੀਂ ਰੱਖਦੀ।’ ਕੋਟਬਸ ਮੁਕਾਬਲਾ 2020 ਓਲੰਪਿਕ ਲਈ ਅੱਠ ਮੁਕਾਬਲਿਆਂ ’ਚ ਕੁਆਲੀਫਾਈ ਕਰਨ ਦੇ ਅਮਲ ਦਾ ਹਿੱਸਾ ਹੈ। ਇਸ ਅਮਲ ਦੇ ਆਖਿਰ ਵਿੱਚ ਜਿਮਨਾਸਟ ਆਪਣੇ ਤਿੰਨ ਸਰਵੋਤਮ ਸਕੋਰ ਦੇ ਅਧਾਰ ’ਤੇ ਓਲੰਪਿਕ ਲਈ ਕੁਆਲੀਫਾਈ ਕਰਨਗੇ। ਦੀਪਾ ਜਿਨ੍ਹਾਂ ਤਿੰਨ ਅਗਲੇ ਮੁਕਾਬਲਿਆਂ ’ਚ ਹਿੱਸਾ ਲੈ ਸਕਦੀ ਹੈ, ਉਨ੍ਹਾਂ ਵਿੱਚ ਬਾਕੂ, ਮੈਲਬਰਨ ਤੇ ਦੋਹਾ ਵਿੱਚ ਹੋਣ ਵਾਲੇ ਵਿਸ਼ਵ ਕੱਪ ਸ਼ਾਮਲ ਹੋ ਸਕਦੇ ਹਨ।