ਆਸਟਰੇਲੀਅਨ ਮਹਿਲਾ ਟੀਮ ਬਣੀ ਵਿਸ਼ਵ ਟੀ-20 ਚੈਂਪੀਅਨ

ਸਪਿੰਨਰਾਂ ਦੀ ਫ਼ਿਰਕੀ ਦੇ ਜਾਦੂ ਮਗਰੋਂ ਬੱਲੇਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਅੱਜ ਇਥੇ ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਵਿੱਚ ਇਕਤਰਫ਼ਾ ਫ਼ਾਈਨਲ ਵਿਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਮਹਿਲਾ ਵਿਸ਼ਵ ਟੀ-20 ਖ਼ਿਤਾਬ ਜਿੱਤ ਲਿਆ। ਉਪਰੋ ਥੱਲੀ ਆਪਣਾ ਪੰਜਵਾਂ ਫਾਈਨਲ ਖੇਡ ਰਹੇ ਆਸਟਰੇਲੀਆ ਨੇ ਆਫ਼ ਸਪਿੰਨਰ ਐਸ਼ਲੇ ਗਾਰਡਨਰ(22 ਦੌੜਾਂ ਬਦਲੇ ਤਿੰਨ ਵਿਕਟਾਂ) ਤੇ ਲੈੱਗ ਸਪਿੰਨਰ ਜਾਰਜੀਆ ਵੇਅਰਹੈਮ (11 ਦੌੜਾਂ ਬਦਲੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਇੰਗਲੈਂਡ ਦੀ ਟੀਮ ਨੂੰ 19.4 ਓਵਰਾਂ ਵਿੱਚ 105 ਦੌੜਾਂ ’ਤੇ ਢੇਰ ਕਰ ਦਿੱਤਾ। ਤੇਜ਼ ਗੇਂਦਬਾਜ਼ ਮੇਗਾਨ ਸ਼ੁਟ ਨੇ ਵੀ 13 ਦੌੜਾਂ ਬਦਲੇ ਦੋ ਵਿਕਟ ਲਏ। ਆਸਟਰੇਲੀਆ ਨੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਇਕ ਵੇਲੇ 44 ਦੌੜਾਂ ਤਕ ਦੋਵਾਂ ਸਲਾਮੀ ਬੱਲੇਬਾਜ਼ਾਂ ਐਲਿਸਾ ਹੀਲੀ (22) ਤੇ ਬੇਥ ਮੂਨੀ (14) ਦੇ ਵਿਕਟ ਗੁਆ ਦਿੱਤੇ ਸੀ, ਪਰ ਕਪਤਾਨ ਗਾਰਡਨਰ (ਨਾਬਾਦ 33) ਤੇ ਕਪਤਾਨ ਮੇਗ ਲੇਨਿੰਗ (ਨਾਬਾਦ 28) ਵਿਚਾਲੇ ਤੀਜੇ ਵਿਕਟ ਲਈ 62 ਦੌੜਾਂ ਦੀ ਨਾਬਾਦ ਭਾਈਵਾਲੀ ਦੀ ਬਦੌਲਤ 15.1 ਓਵਰ ਵਿੱਚ ਹੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ ਨਾਲ 106 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਗਾਰਡਨਰ ਨੂੰ ਉਹਦੇ ਹਰਫ਼ਨਮੌਲਾ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦੀ ਮੈਚ’ ਚੁਣਿਆ ਗਿਆ ਜਦੋਂਕਿ ਵਿਕਟ ਕੀਪਰ ਬੱਲੇਬਾਜ਼ ਐਲਿਸਾ ਨੂੰ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਦੇ ਐਜਾਜ਼ ਨਾਲ ਨਿਵਾਜਿਆ ਗਿਆ। ਐਲਿਸਾ ਨੇ ਟੂਰਨਾਮੈਂਟ ਵਿੱਚ ਸਰਵੋਤਮ 225 ਦੌੜਾਂ ਤੋਂ ਇਲਾਵਾ ਚਾਰ ਸਟੰਪਿੰਗ ਤੇ ਚਾਰ ਕੈਚਾਂ ਨਾਲ ਕੁੱਲ ਅੱਠ ਸ਼ਿਕਾਰ ਕੀਤੇ। ਇਸ ਤੋਂ ਪਹਿਲਾਂ ਇੰਗਲੈੀਡ ਵੱਲੋਂ ਸਲਾਮੀ ਬੱਲੇਬਾਜ਼ ਡੈਨੀਅਨ ਵਾਟ (43) ਤੇ ਕਪਤਾਨ ਹੀਥਰ ਨਾਈਟ (25) ਹੀ ਆਸਟਰੇਲੀਅਨ ਗੇਂਦਬਾਜ਼ਾਂ ਅੱਗੇ ਟਿਕ ਕੇ ਬੱਲੇਬਾਜ਼ੀ ਕਰਨ ਦਾ ਦਮ ਵਿਖਾ ਸਕੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤਕ ਅਪੜਨ ਵਿੱਚ ਨਾਕਾਮ ਰਿਹਾ, ਜਿਸ ਨਾਲ ਇੰਗਲੈਂਡ ਦਾ ਦੂਜੀ ਵਾਰ ਵਿਸ਼ਵ ਟੀ-20 ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। -ਪੀਟੀਆਈ