ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਛੇਵੀਂ ਵਾਰ ਬਣੀ ਚੈਂਪੀਅਨ

ਭਾਰਤੀ ਮੁੱਕੇਬਾਜ਼ ਐੱਮਸੀ ਮੇਰੀ ਕੌਮ (48 ਕਿੱਲੋ) ਨੇ ਆਪਣੇ ਤਜਰਬੇ ਦੇ ਜ਼ੋਰ ’ਤੇ ਅੱਜ ਇੱਥੇ ਕੇਡੀ ਜਾਧਵ ਹਾਲ ਵਿੱਚ ਦਸਵੀਂ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਯੂਕਰੇਨ ਦੀ ਹਾਨਾ ਓਖੋਟਾ ਨੂੰ 5-0 ਨਾਲ ਹਰਾ ਕੇ ਛੇਵਾਂ ਸੋਨ ਤਗ਼ਮਾ ਆਪਣੀ ਝੋਲੀ ’ਚ ਪਾਇਆ ਜਦੋਂਕਿ ਸੋਨੀਆ (57 ਕਿੱਲੋ) ਨੂੰ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਮੇਰੀ ਨੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣ ਕੇ ਕਿਊਬਾ ਦੇ ਮਹਾਨ ਪੁਰਸ਼ ਮੁੱਕੇਬਾਜ਼ ਫੈਲਿਕਸ ਸੇਵੋਨ ਦੀ ਬਰਾਬਰੀ ਕਰ ਲਈ ਜੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਛੇ ਖ਼ਿਤਾਬ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਆਇਰਲੈਂਡ ਦੀ ਕੇਟੀ ਟੇਲਰ ਨਾਲ ਬਰਾਬਰੀ ’ਤੇ ਸੀ ਜੋ ਪੰਜ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ‘ਮੈਗਨੀਫਿਸ਼ੰਟ ਮੇਰੀ’ ਮੁਕਾਬਲੇ ਦੇ ਪਹਿਲੇ ਗੇੜ ’ਚ ਮੇਰੀ ਕੌਮ ਨੇ ਸੱਜੇ ਹੱਥ ਨਾਲ ਸਿੱਧਾ ਤੇਜ਼ ਮੁੱਕਾ ਮਾਰ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਵਿੱਚ ਵਿਚਾਲੇ ਤੇਜ਼ੀ ਨਾਲ ਮੁੱਕੇ ਜੜਦੇ ਹੋਏ ਪੰਜੇ ਜੱਜਾਂ ਤੋਂ ਪੂਰੇ ਅੰਕ ਹਾਸਲ ਕੀਤੇ। ਇਸ ਦੌਰਾਨ ਕੋਚ ਦੀ ਸਲਾਹ ਤੋਂ ਬਾਅਦ ਹਾਨਾ ਨੇ ਹਮਲਾਵਰ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਦੇ ਸਾਹਮਣੇ ਉਸ ਦੀ ਇਕ ਨਹੀਂ ਚੱਲੀ। ਹਾਲਾਂਕਿ ਇਸ ਵਿੱਚ ਯੂਕਰੇਨ ਦੀ ਮੁੱਕੇਬਾਜ਼ ਨੇ ਸੱਜੇ ਹੱਥ ਨਾਲ ਮਾਰੇ ਸ਼ਾਨਦਾਰ ਮੁੱਕਿਆਂ ਨਾਲ ਕੁਝ ਬਿਹਤਰੀਨ ਅੰਕ ਹਾਸਲ ਕੀਤੇ ਪਰ ਉਹ ਮੇਰੀ ਕੌਮ ਤੋਂ ਅੱਗੇ ਨਹੀਂ ਨਿਕਲ ਸਕੀ। ਮੇਰੀ ਕੌਮ ਨੇ ਆਪਣੀ ਰਵਾਇਤੀ ਸ਼ੈਲੀ ’ਚ ਖੇਡਦੇ ਹੋਏ ਜਾਨਦਾਰ ਮੁੱਕੇ ਨਾਲ ਵਿਰੋਧੀ ਦਾ ਹੌਸਲਾ ਤੋੜਨਾ ਜਾਰੀ ਰੱਖਿਆ ਜੋ ਤੀਜੇ ਗੇੜ ’ਚ ਵੀ ਜਾਰੀ ਰਿਹਾ। ਇਸ ਵਿੱਚ ਵੀ ਭਾਰਤੀ ਮੁੱਕੇਬਾਜ਼ ਦਾ ਜਲਵਾ ਕਾਇਮ ਰਿਹਾ। ਉਸ ਨੇ ਦਬਦਬਾ ਜਾਰੀ ਰੱਖਦੇ ਹੋਏ ਤੇਜ਼ੀ ਨਾਲ ਕਈ ਮੁੱਕੇ ਵਿਰੋਧੀ ਮੁੱਕੇਬਾਜ਼ ਦੇ ਮੂੰਹ ’ਤੇ ਮਾਰ ਦਿੱਤੇ। ਅਜਿਹਾ ਦਿਸ ਰਿਹਾ ਸੀ ਕਿ ਵਿਰੋਧੀ ਮੁੱਕੇਬਾਜ਼ ਉਸ ਦੇ ਸਾਹਮਣੇ ਮਜਬੂਰ ਸੀ। ਉਸ ਨੇ ਕਈ ਵਾਰ ਜ਼ੋਰਦਾਰ ਮੁੱਕਿਆਂ ਨਾਲ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਤਜਰਬੇਕਾਰ ਮੇਰੀ ਕੌਮ ਕੋਲ ਉਸ ਦੀ ਹਰ ਚਾਲ ਦਾ ਜਵਾਬ ਸੀ। ਮੇਰੀ ਕੌਮ ਨੇ ਦਰਸ਼ਕਾਂ ਨਾਲ ਭਰੇ ਇਸ ਸਟੇਡੀਅਮ ਵਿੱਚ ਦੂਜਾ ਸੋਨ ਤਗ਼ਮਾ ਹਾਸਲ ਕੀਤਾ। ਇਹ ਉਸ ਦਾ ਵਿਸ਼ਵ ਚੈਂਪੀਅਨਸ਼ਿਪ ’ਚ ਸੱਤਵਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਹ ਪੰਜ ਸੋਨੇ ਅਤੇ ਇਕ ਚਾਂਦੀ ਦਾ ਤਗ਼ਮਾ ਜਿੱਤ ਚੁੱਕੀ ਸੀ। ਮੁਕਾਬਲਾ ਜਿੱਤਣ ਤੋਂ ਬਾਅਦ ਮੇਰੀ ਕੌਮ ਕਾਫੀ ਭਾਵੁਕ ਹੋ ਗਈ ਅਤੇ ਖੁਸ਼ੀ ਵਿੱਚ ਉਸ ਦੇ ਹੰਝੂ ਨਹੀਂ ਸੀ ਰੁਕ ਰਹੇ। ਉਸ ਨੇ ਇਸ ਤਗ਼ਮੇ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਉਸ ਨੇ ਕੋਚ ਦੀ ਰਣਨੀਤੀ ਅਨੁਸਾਰ ਖੇਡਦੇ ਹੋਏ ਲਾਈਟ ਫਲਾਈਵੇਟ ਦੇ ਫਾਈਨਲ ’ਚ ਆਪਣੇ ਤੋਂ 13 ਸਾਲ ਛੋਟੀ ਹਾਨਾ ਨੂੰ 5-0 ਨਾਲ ਹਰਾਇਆ ਜੋ ਯੂਰਪੀ ਚੈਂਪੀਅਨਸ਼ਿਪ ਦੀ ਕਾਂਸੀ ਤਗ਼ਮਾ ਜੇਤੂ ਹੈ। ਮੇਰੀ ਕੌਮ ਨੇ ਆਪਣੇ ਸਟੀਕ ਤੇ ਤਾਕਤਵਰ ਮੁੱਕਿਆਂ ਦੀ ਬਦੌਲਤ ਪੰਜੇ ਜੱਜਾਂ ਤੋਂ 30-27, 29-28, 29-28, 30-27, 30-27 ਅੰਕ ਹਾਸਲ ਕੀਤੇ। ਉੱਧਰ, ਭਿਵਾਨੀ ਦੀ 21 ਸਾਲਾ ਸੋਨੀਆ ਨੂੰ ਫੇਦਰਵੇਟ ਦੇ ਫਾਈਨਲ ’ਚ ਜਰਮਨੀ ਦੀ ਗੈਬਰੀਅਲ ਓਰਨੈਲਾ ਵਾਹਨਰ ਤੋਂ 1-4 ਤੋਂ ਹਾਰ ਗਈ। ਉਹ ਪੰਜੇ ਜੱਜਾਂ ਦੇ ਫ਼ੈਸਲੇ ’ਚ 28-29, 28-29, 29-28, 28-29, 28-29 ਅੰਕਾਂ ਤੋਂ ਪਛੜੀ। ਸੋਨੀਆ ਪਹਿਲਾਂ ਹੀ ਆਖ ਚੁੱਕੀ ਸੀ ਕਿ ਵਿਰੋਧੀ ਮੁੱਕੇਬਾਜ਼ ‘ਹਾਰਡ ਹਿਟਰ’ ਹੈ ਅਤੇ ਉਹ ਏਨੀ ਤੇਜ਼ ਨਹੀਂ ਖੇਡਦੀ ਹੈ। ਮੁਕਾਬਲੇ ਦੌਰਾਨ ਸਾਫ਼ ਦਿਸਿਆ ਕਿ ਜਰਮਨੀ ਦੀ ਮੁੱਕੇਬਾਜ਼ ਤਿੰਨੇ ਰਾਊਂਡ ’ਚ ਹਾਵੀ ਰਹੀ। ਹਾਲਾਂਕਿ ਉਹ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਣ ’ਚ ਸਫ਼ਲ ਰਹੀ ਜੋ ਸ਼ਾਨਦਾਰ ਉਪਲਬਧੀ ਹੈ। ਉਸ ਕੋਲ ਗੈਬਰੀਅਲ ਦੇ ਮੁੱਕਿਆਂ ਦਾ ਕੋਈ ਜਵਾਬ ਨਹੀਂ ਸੀ। ਹਾਲਾਂਕਿ ਉਸ ਨੇ ਵਾਪਸੀ ਦੀ ਕੋਸ਼ਿਸ਼ ਤਹਿਤ ਕੁਝ ਮੁੱਕੇ ਵੀ ਮਾਰੇ।