ਕਾਂਗਰਸ ਨੇ ਉੱਤਰ-ਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਇਆ: ਮੋਦੀ

ਲੁੰਗਲੇਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਉੱਤਰਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਉਂਦੀ ਰਹੀ ਹੈ। ਇੱਥੇ ਚੋਣ ਰੈਲੀ ਵਿਚ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਸ੍ਰੀ ਮੋਦੀ ਨੇ ਕਾਂਗਰਸ ਦੇ ਖੂਬ ਆਹੂ ਲਾਹੇ ਤੇ ਆਖਿਆ ਕਿ ਪਾਰਟੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਉਂਦੀ ਰਹੀ ਹੈ ਜਿਸ ਕਰ ਕੇ ਇਹ ਹੁਣ ਦੋ ਤਿੰਨ ਰਾਜਾਂ ਤਕ ਸੀਮਤ ਹੋ ਗਈ ਹੈ।
ਮਿਜ਼ੋਰਮ ਵਿਚ 40 ਮੈਂਬਰੀ ਵਿਧਾਨ ਸਭਾ ਲਈ 28 ਨਵੰਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਆਖਿਆ ‘‘ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਜਦੋਂ ਕੋਈ ਕਾਂਗਰਸ ਆਗੂ ਉੱਤਰਪੂਰਬੀ ਰਾਜਾਂ ਦੇ ਰਵਾਇਤੀ ਲਿਬਾਸ ਬਾਰੇ ਮੰਦਾ ਬੋਲਦਾ ਹੈ।
ਤੁਹਾਡੀਆਂ ਆਸਾਂ ਤੇ ਖਾਹਿਸ਼ਾਂ ਦਾ ਕਾਂਗਰਸ ਲਈ ਕੋਈ ਮਾਅਨਾ ਨਹੀਂ। ਉਨ੍ਹਾਂ ਲਈ ਸੱਤਾ ਹੀ ਸਭ ਕੁਝ ਹੈ ਤੇ ਨਾ ਕਿ ਮਿਜ਼ੋਰਮ ਦੇ ਲੋਕ।’’ ਅਗਸਤ ਮਹੀਨੇ ਵਿਚ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਆਖਿਆ ਸੀ ‘‘ ਪ੍ਰਧਾਨ ਮੰਤਰੀ ਜਦੋਂ ਵੀ ਕਦੇ ਦੇਸ਼ ਵਿਦੇਸ਼ ਜਾਂਦੇ ਹਨ ਤਾਂ ਉਥੋਂ ਦੀ ਹਰ ਕਿਸਮ ਦੀ ਪਗੜੀ ਪਹਿਨ ਲੈਂਦੇ ਹਨ ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਮੁਸਲਿਮ ਟੋਪੀ ਪਹਿਨਣ ਤੋਂ ਕਿਉਂ ਗੁਰੇਜ਼ ਕਰਦੇ ਹਨ?’’
ਪ੍ਰਧਾਨ ਮੰਤਰੀ ਨੇ ਕਿਹਾ ‘‘ ਕਾਂਗਰਸ ਪਾਰਟੀ ਕਦੇ ਬਹੁਗਿਣਤੀ ਰਾਜਾਂ ਵਿਚ ਰਾਜ ਕਰਿਆ ਕਰਦੀ ਸੀ ਤੇ ਹੁਣ ਇਹ ਦੋ ਤਿੰਨ ਰਾਜਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਹੁਣ ਮਿਜ਼ੋਰਮ ਦੇ ਲੋਕਾਂ ਕੋਲ ਇਸ ਕਾਂਗਰਸ ਕਲਚਰ ਤੋਂ ਮੁਕਤੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ।’’