ਮੌਜੂਦਾ ਚੈਂਪੀਅਨ ਸਮੀਰ ਵਰਮਾ, ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਿਅਪ ਨੇ ਅੱਜ ਇੱਥੇ ਸੱਯਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਲਖਨਊ ਟੂਰਨਾਮੈਂਟ ਵਿੱਚ ਤਿੰਨ ਵਾਰ ਦੀ ਜੇਤੂ ਤੇ ਦੂਜਾ ਦਰਜਾ ਪ੍ਰਾਪਤ ਸਾਇਨਾ ਨੇ ਅਮੋਲਿਕਾ ਸਿੰਘ ਸਿਸੌਦੀਆ ਨੂੰ 21-14, 21-9 ਨਾਲ ਹਰਾਇਆ, ਜਦੋਂਕਿ ਦੋ ਵਾਰ (2012 ਅਤੇ 2015) ਦੇ ਚੈਂਪੀਅਨ ਕਸ਼ਿਅਪ ਨੇ ਪਹਿਲਾ ਗੇਮ ਗੁਆਉਣ ਮਗਰੋਂ ਵਾਪਸੀ ਕਰਦਿਆਂ ਇੰਡੋਨੇਸ਼ੀਆ ਦੇ ਫਿਰਮਾਨ ਅਬਦੁਲ ਖੋਲਿਕ ਨੂੰ 9-21, 22-20, 21-8 ਨਾਲ ਮਾਤ ਦਿੱਤੀ। ਤੀਜਾ ਦਰਜਾ ਪ੍ਰਾਪਤ ਸਮੀਰ ਨੇ ਚੀਨ ਦੇ ਝਾਓ ਜੁਨਪੇਂਗ ਨੂੰ 22-20, 21-17 ਨਾਲ ਹਰਾਇਆ ਅਤੇ ਹੁਣ ਉਹ ਚੀਨ ਦੇ ਝੋਊ ਜੇਕੀ ਦਾ ਸਾਹਮਣਾ ਕਰੇਗਾ। ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਦਾ ਅਗਲਾ ਮੁਕਾਬਲਾ ਹਮਵਤਨ ਰਿਤੂਪਰਨਾ ਦਾਸ ਨਾਲ ਹੋਵੇਗਾ। ਉਸ ਨੇ ਸ਼ਰੂਤੀ ਮੁੰਦਾਦਾ ਨੂੰ 21-11, 21-15 ਨਾਲ ਹਾਰ ਦਿੱਤੀ ਹੈ। ਕਸ਼ਿਅਪ ਦੀ ਟੱਕਰ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੇ ਸਿਟੀਕੋਮ ਥਾਮੀਸਨ ਨਾਲ ਹੋਵੇਗੀ। ਬੀ ਸਾਈ ਪ੍ਰਣੀਤ ਨੇ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੂਸਤਾਵਿਤੋ ਨੂੰ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਚੀਨ ਦੇ ਲੂ ਗਵਾਂਗਝੂ ਨਾਲ ਹੋਵੇਗਾ।
Sports ਸਾਇਨਾ ਤੇ ਕਸ਼ਿਅਪ ਆਖ਼ਰੀ ਅੱਠਾਂ ’ਚ