ਫੁਟਬਾਲ: ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਚੈਂਪੀਅਨ

ਪੰਜਾਬ ਦੀ ਫੁਟਬਾਲ ਟੀਮ ਰਾਜਸਥਾਨ ਦੇ ਝੁਨਝੁਨੂੰ ਵਿੱਚ ਹੋਈਆਂ ਕੌਮੀ ਸਕੂਲ ਖੇਡਾਂ ਵਿੱਚ ਪੱਛਮੀ ਬੰਗਾਲ ਨੂੰ 3-0 ਗੋਲਾਂ ਨਾਲ ਹਰਾ ਕੇ ਫੁਟਬਾਲ ਅੰਡਰ-19 ਚੈਂਪੀਅਨ ਬਣ ਗਈ। ਇਨ੍ਹਾਂ ਖੇਡਾਂ ਦੌਰਾਨ ਫਗਵਾੜਾ ਸਕੂਲ ਦੇ ਵਿਕਰਾਂਤ ਸਿੰਘ ਨੂੰ ਕੌਮੀ ਪੱਧਰ ਦਾ ਬਿਹਤਰੀਨ ਫੁਟਬਾਲਰ ਚੁਣਿਆ ਗਿਆ। ਸਿੱਖਿਆ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਪੱਧਰ ’ਤੇ ਪਹਿਲੀ ਵਾਰ ਅਜਿਹਾ ਪ੍ਰਦਰਸ਼ਨ ਕੀਤਾ ਹੈ। ਸਕੂਲ ਖੇਡਾਂ ਦੇ ਕੋਚ ਗੁਰਦੀਪ ਸਿੰਘ ਅਤੇ ਸੋਹਨ ਲਾਲ ਦੀ ਤਿਆਰ ਕੀਤੀ ਪੰਜਾਬ ਦੀ ਫੁਟਬਾਲ ਟੀਮ ਨੇ ਕੌਮੀ ਸਕੂਲ ਖੇਡਾਂ ਵਿੱਚ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਕੌਮੀ ਸਕੂਲ ਖੇਡਾਂ ਤਹਿਤ ਮਨੀਪੁਰ ਵਿੱਚ ਹੋਏ ਫੈਂਸਿੰਗ ਮੁਕਾਬਲਿਆਂ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਨੇ ਓਵਰਆਲ ਟਰਾਫ਼ੀ ਜਿੱਤੀ ਹੈ। ਇਸ ਵਿੱਚ ਖਿਡਾਰੀਆਂ ਨੇ ਚਾਰ ਸੋਨੇ ਅਤੇ ਦੋ-ਦੋ ਕਾਂਸੀ ਦੇ ਤਗ਼ਮੇ ਜਿੱਤ ਕੇ ਪੰਜਾਬ ਦੀ ਝੋਲੀ ਪਾਏ ਹਨ। ਚਾਨੀ ਦਾ ਮੰਨਣਾ ਹੈ ਕਿ ਸਕੂਲਾਂ ਵਿੱਚ ਬਿਹਤਰੀਨ ਖੇਡ ਢਾਂਚਾ ਅਤੇ ਕੋਚਾਂ ਦੀ ਬਦੌਲਤ ਪੰਜਾਬ ਖੇਡਾਂ ਵਿੱਚ ਵੀ ਨਾਮਣਾ ਖੱਟ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀਪੀਆਈ ਸੈਕੰਡਰੀ ਸੁਖਜੀਤਪਾਲ ਸਿੰਘ, ਡੀਪੀਆਈ ਪ੍ਰਾਇਮਰੀ ਇੰਦਰਜੀਤ ਸਿੰਘ ਤੇ ਖੇਡ ਕੋ-ਆਰਡੀਨੇਟਰ ਰੁਪਿੰਦਰ ਸਿੰਘ ਰਵੀ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਅਗਵਾਈ ਹੇਠ ‘ਪੜ੍ਹੋ ਪੰਜਾਬ-ਖੇਡੋ ਪੰਜਾਬ’ ਮੁਹਿੰਮ ਦੇ ਬਿਹਤਰੀਨ ਨਤੀਜੇ ਸਾਹਮਣੇ ਆ ਰਹੇ ਹਨ।