ਸੱਯਦ ਮੋਦੀ ਟਰਾਫੀ: ਸਾਇਨਾ ਤੇ ਕਸ਼ਿਅਪ ਦੀਆਂ ਆਸਾਨ ਜਿੱਤਾਂ

ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਿਅਪ ਨੇ ਸੱਯਦ ਮੋਦੀ ਵਿਸ਼ਵ ਟੂਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਆਸਾਨ ਜਿੱਤਾਂ ਨਾਲ ਸ਼ੁਰੂਆਤ ਕੀਤੀ। ਦੂਜੇ ਪਾਸੇ, ਮੌਜੂਦਾ ਚੈਂਪੀਅਨ ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਦੀ ਜੋੜੀ ਮਿਕਸਡ ਡਬਲਜ਼ ਦੇ ਪਹਿਲੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ। ਪ੍ਰਣਵ ਅਤੇ ਸਿੱਕੀ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਨੂੰ ਚੀਨ ਦੇ ਰੇਨ ਝਿਗਾਂਯੂ ਅਤੇ ਝੋਊ ਚਾਓਮਿਨ ਹੱਥੋਂ 14-21, 11-21 ਨਾਲ ਹਾਰ ਝੱਲਣੀ ਪਈ। ਇਹ ਮੈਚ ਸਿਰਫ਼ 31 ਮਿੰਟ ਤੱਕ ਚੱਲਿਆ। ਤਿੰਨ ਵਾਰ ਦੀ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਸਾਇਨਾ ਨੇ ਮਹਿਲਾ ਸਿੰਗਲਜ਼ ਵਿੱਚ ਮਾਰੀਸ਼ਸ ਦੀ ਕੇਟ ਫੂ ਕੁਨ ਨੂੰ 21-10, 21-10 ਨਾਲ ਸ਼ਿਕਸਤ ਦਿੱਤੀ, ਜਦਕਿ ਕਸ਼ਿਅਪ ਨੇ ਪੁਰਸ਼ ਸਿੰਗਲਜ਼ ਵਿੱਚ ਥਾਈਲੈਂਡ ਦੇ ਤਾਨੋਂਗਸਾਕ ਸੇਲਸੋਬੂੰਸਕ ਨੂੰ ਇਕਪਾਸੜ ਮੈਚ ਵਿੱਚ 21-14, 21-12 ਨਾਲ ਹਰਾਇਆ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਅਗਲੇ ਗੇੜ ਵਿੱਚ ਹਮਵਤਨ ਅਮੋਲਿਕਾ ਸਿੰਘ ਸਿਸੌਦੀਆ ਨਾਲ, ਜਦਕਿ ਕਸ਼ਿਅਪ ਇੰਡੋਨੇਸ਼ੀਆ ਦੇ ਫਰਮਾਨ ਅਬਦੁਲ ਖੋਲਿਕ ਨਾਲ ਭਿੜਨਗੇ। ਬੀ ਸਾਈ ਪ੍ਰਣੀਤ ਵੀ ਪਹਿਲੇ ਗੇੜ ਦਾ ਅੜਿੱਕਾ ਆਸਾਨੀ ਨਾਲ ਪਾਰ ਕਰਨ ਵਿੱਚ ਸਫਲ ਰਿਹਾ। ਉਸ ਨੇ ਰੂਸ ਦੇ ਸਰਗੇਈ ਸਿਰਾਂਤ ਨੂੰ 21-12, 21-10 ਨਾਲ ਹਰਾਇਆ। ਉਹ ਹੁਣ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੂਸਤਾਵਿਤੋ ਨਾਲ ਭਿੜੇਗਾ।