ਆਸਟਰੇਲੀਆ ਨੇ ਪਹਿਲਾ ਟੀ-20 ਮੈਚ ਜਿੱਤਿਆ

ਸ਼ਿਖਰ ਧਵਨ ਦੀ 76 ਦੌੜਾਂ ਦੀ ਤੇਜ਼ਤਰਾਰ ਪਾਰੀ ਦੇ ਬਾਵਜੂਦ ਭਾਰਤ ਨੂੰ ਮੀਂਹ ਤੋਂ ਪ੍ਰਭਾਵਿਤ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਤੋਂ ਚਾਰ ਦੌੜਾਂ ਨਾਲ ਹਾਰ ਝੱਲਣੀ ਪਈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਆਸਟਰੇਲੀਆ ਨੇ ਜਦੋਂ 16.1 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 153 ਦੌੜਾਂ ਬਣਾਈਆਂ, ਉਦੋਂ ਤੇਜ਼ ਮੀਂਹ ਕਾਰਨ ਲਗਪਗ ਇੱਕ ਘੰਟੇ ਤੱਕ ਮੈਚ ਨੂੰ ਰੋਕਣਾ ਪਿਆ। ਇਸ ਮਗਰੋਂ ਮੈਚ ਨੂੰ 17-17 ਓਵਰਾਂ ਦਾ ਕਰ ਦਿੱਤਾ। ਆਸਟਰੇਲੀਆ ਨੇ ਤੈਅ 17 ਓਵਰਾਂ ਵਿੱਚ ਚਾਰ ਵਿਕਟਾਂ ’ਤੇ 158 ਦੌੜਾਂ ਬਣਾਈਆਂ, ਪਰ ਭਾਰਤ ਸਾਹਮਣੇ ਡਕਵਰਥ ਲੂਈਸ ਪ੍ਰਣਾਲੀ ਰਾਹੀਂ ਟੀਚਾ ਸੋਧ ਕੇ 174 ਦੌੜਾਂ ਦਾ ਕੀਤਾ ਗਿਆ।
ਧਵਨ ਨੇ 42 ਗੇਂਦਾਂ ’ਤੇ 76 ਦੌੜਾਂ ਦੀ ਆਪਣੀ ਪਾਰੀ ਵਿੱਚ ਦਸ ਚੌਕੇ ਅਤੇ ਦੋ ਛੱਕੇ ਮਾਰੇ। ਮੱਧਕ੍ਰਮ ਦੇ ਅਸਫਲ ਰਹਿਣ ਮਗਰੋਂ ਦਿਨੇਸ਼ ਕਾਰਤਿਕ (13 ਗੇਂਦਾਂ ’ਤੇ 30 ਦੌੜਾਂ) ਅਤੇ ਰਿਸ਼ਭ ਪੰਤ (15 ਗੇਂਦਾਂ ’ਤੇ 20 ਦੌੜਾਂ) ਨੇ ਪੰਜਵੀਂ ਵਿਕਟ ਲਈ 51 ਦੌੜਾਂ ਬਣਾਈਆਂ, ਪਰ ਆਖ਼ਰੀ ਓਵਰ ਵਿੱਚ ਜਦੋਂ 13 ਦੌੜਾਂ ਦੀ ਲੋੜ ਸੀ, ਉਦੋਂ ਦੋ ਵਿਕਟਾਂ ਡਿਗਣ ਕਾਰਨ ਭਾਰਤ ਸੱਤ ਵਿਕਟਾਂ ’ਤੇ 169 ਦੌੜਾਂ ਹੀ ਬਣਾ ਸਕਿਆ। ਇਸ ਤਰ੍ਹਾਂ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਆਸਟਰੇਲੀਆ ਦੀ ਜਿੱਤ ਦਾ ਹੀਰੋ ਮਾਰਕਸ ਸਟੋਈਨਿਸ ਰਿਹਾ। ਉਸ ਨੇ ਆਖ਼ਰੀ ਓਵਰ ਵਿੱਚ ਸਿਰਫ਼ ਅੱਠ ਦੌੜਾਂ ਦਿੱਤੀਆਂ ਅਤੇ ਇਸ ਦੌਰਾਨ ਕਰੁਣਾਲ ਪੰਡਿਆ ਅਤੇ ਕਾਰਤਿਕ ਦੀਆਂ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਉਸ ਨੇ 19 ਗੇਂਦਾਂ ’ਤੇ ਨਾਬਾਦ 33 ਦੌੜਾਂ ਦੀ ਮਹੱਤਵਪੂਰਨ ਪਾਰੀ ਵੀ ਖੇਡੀ। ਉਸ ਤੋਂ ਇਲਾਵਾ ਗਲੈਨ ਮੈਕਸਵੈਲ ਨੇ 25 ਗੇਂਦਾਂ ’ਤੇ 46 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਛੱਕੇ ਸ਼ਾਮਲ ਹਨ। ਕ੍ਰਿਸ ਲਿਨ ਨੇ ਵੀ ਚਾਰ ਛੱਕਿਆਂ ਦੀ ਮਦਦ ਨਾਲ 20 ਗੇਂਦਾਂ ’ਤੇ 37 ਦੌੜਾਂ ਦੀ ਪਾਰੀ ਖੇਡੀ।
ਭਾਰਤੀ ਪਾਰੀ ਸ਼ੁਰੂ ਤੋਂ ਧਵਨ ਦੇ ਆਲੇ-ਦੁਆਲੇ ਘੁੰਮਦੀ ਰਹੀ। ਰੋਹਿਤ ਸ਼ਰਮਾ (ਸੱਤ) ਸ਼ੁਰੂ ਤੋਂ ਲੈਅ ਵਿੱਚ ਨਹੀਂ ਜਾਪਿਆ। ਧਵਨ ਨੇ ਰੋਹਿਤ ਨੂੰ ਆਊਟ ਕਰਨ ਵਾਲੇ ਜੇਸਨ ਬੇਹਰਨਡੋਰਫ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਇਆ। ਖੱਬੇ ਹੱਥ ਦੇ ਇਸ ਗੇਂਦਬਾਜ਼ ਦੇ ਇੱਕ ਓਵਰ ਵਿੱਚ ਉਸ ਨੇ ਇੱਕ ਛੱਕਾ ਅਤੇ ਦੋ ਚੌਕੇ ਮਾਰੇ। ਇਸ ਦੌਰਾਨ 29 ਗੇਂਦਾਂ ’ਤੇ ਆਪਣੇ ਕਰੀਅਰ ਦਾ ਨੌਂਵਾਂ ਨੀਮ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਆਸਟਰੇਲਿਆਈ ਗੇਂਦਬਾਜ਼ ਭਾਰੂ ਪੈ ਗਏ। ਕੇਐਲ ਰਾਹੁਲ (12 ਗੇਂਦਾਂ ’ਤੇ 13 ਦੌੜਾਂ) ਫਿਰ ਅਸਫਲ ਰਿਹਾ। ਸਪਿੰਨਰ ਐਡਮ ਜ਼ੰਪਾ (22 ਦੌੜਾਂ ਦੇ ਕੇ ਦੋ ਵਿਕਟਾਂ) ਨੇ ਉਸ ਨੂੰ ਅਲੈਕਸ ਕੈਰੀ ਹੱਥੋਂ ਸਟੰਪ ਕਰਵਾਉਣ ਮਗਰੋਂ ਕਪਤਾਨ ਵਿਰਾਟ ਕੋਹਲੀ (ਅੱਠ ਗੇਂਦਾਂ ’ਤੇ ਚਾਰ ਦੌੜਾਂ) ਨੂੰ ਕੈਚ ਕਰਵਾਇਆ। ਧਵਨ ਨੇ ਆਪਣੀ ਪਾਰੀ ਦੌਰਾਨ ਦਸ ਚੌਕੇ ਅਤੇ ਦੋ ਛੱਕੇ ਮਾਰੇ।
ਭਾਰਤ ਨੂੰ ਆਖ਼ਰੀ ਚਾਰ ਓਵਰਾਂ ਵਿੱਚ 60 ਦੌੜਾਂ ਚਾਹੀਦੀਆਂ ਸਨ। ਅਜਿਹੇ ਵਿੱਚ ਪੰਤ ਅਤੇ ਕਾਰਤਿਕ ਨੇ ਐਂਡਰਿਊ ਟਾਈ ਦੇ ਓਵਰ ਵਿੱਚ 25 ਦੌੜਾਂ ਲਈਆਂ। ਮੈਕਸਵੈਲ ਨੇ ਕਾਰਤਿਕ ਦੇ ਸ਼ਾਟ ਨੂੰ ਕੈਚ ਕਰ ਲਿਆ, ਪਰ ਉਹ ਬਾਉਂਡਰੀ ਤੋਂ ਪਾਰ ਚਲਾ ਗਿਆ ਅਤੇ ਗੇਂਦ ਵੀ ਸਹੀ ਸਮੇਂ ਹੱਥੋਂ ਨਹੀਂ ਛੱਡੀ। ਇਸ ਤਰ੍ਹਾਂ ਮੈਚ ਦਿਲਚਸਪ ਬਣ ਗਿਆ। ਭਾਰਤ ਨੂੰ ਆਖ਼ਰੀ 12 ਗੇਂਦਾਂ ਵਿੱਚ 24 ਦੌੜਾਂ ਦੀ ਲੋੜ ਸੀ। ਕਾਰਤਿਕ ਨੇ ਚੌਕਾ ਮਾਰਿਆ, ਪਰ ਪੰਤ ਕੈਚ ਆਊਟ ਹੋ ਗਿਆ। ਕਾਰਤਿਕ ਨੇ ਫਿਰ ਗੇਂਦ ਚਾਰ ਦੌੜਾਂ ਲਈ ਭੇਜੀ ਅਤੇ ਭਾਰਤ ਨੂੰ ਆਖ਼ਰੀ ਓਵਰ ਵਿੱਚ 13 ਦੌੜਾਂ ਦਾ ਟੀਚਾ ਮਿਲਿਆ, ਪਰ ਸਟੋਈਨਿਸ (27 ਦੌੜਾਂ ਦੇ ਕੇ ਦੋ ਵਿਕਟਾਂ) ਇਸ ਦਾ ਬਚਾਅ ਕਰਨ ਵਿੱਚ ਸਫਲ ਰਿਹਾ। ਭਾਰਤ ਵੱਲੋਂ ਕੁਲਦੀਪ ਯਾਦਵ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਪਰ ਖੱਬੇ ਹੱਥ ਦਾ ਸਪਿੰਨਰ ਕਰੁਣਾਲ ਪੰਡਿਆ ਕਾਫੀ ਮਹਿੰਗਾ ਸਾਬਤ ਹੋਇਆ।