ਟੀ-20: ਭਾਰਤ ਦੇ ਆਸਟਰੇਲਿਆਈ ਦੌਰੇ ਦੀ ਸ਼ੁਰੂਆਤ ਅੱਜ ਤੋਂ

ਭਾਰਤ ਆਪਣੇ ਆਸਟਰੇਲਿਆਈ ਦੌਰੇ ਦੀ ਸ਼ੁਰੂਆਤ ਬੁੱਧਵਾਰ ਨੂੰ ਮੇਜ਼ਬਾਨ ਟੀਮ ਖ਼ਿਲਾਫ਼ ਟੀ-20 ਕੌਮਾਂਤਰੀ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਜਿੱਤ ਨਾਲ ਕਰਨ ਦੇ ਇਰਾਦੇ ਨਾਲ ਉਤਰੇਗਾ। ਇਸ ਸਮੇਂ ਆਸਟਰੇਲੀਆ ਕ੍ਰਿਕਟ ਟੀਮ ਮੈਦਾਨ ਦੇ ਅੰਦਰ ਅਤੇ ਬਾਹਰ ਖ਼ਰਾਬ ਦੌਰ ਨਾਲ ਜੂਝ ਰਹੀ ਹੈ। ਕ੍ਰਿਕਟ ਆਸਟਰੇਲੀਆ ਨੇ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ’ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਭਾਰਤ ਖ਼ਿਲਾਫ਼ ਲੜੀ ਵਿੱਚ ਉਨ੍ਹਾਂ ਦੇ ਖੇਡਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਪਿਛਲੇ ਕੁੱਝ ਸਮੇਂ ਤੋਂ ਆਸਟਰੇਲਿਆਈ ਟੀਮ ਦੇ ਖ਼ਰਾਬ ਪ੍ਰਦਰਸ਼ਨ ਨੂੰ ਵੇਖਦਿਆਂ ਵਾਰਨਰ ਅਤੇ ਸਮਿੱਥ ’ਤੇ ਪਾਬੰਦੀ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਸੀ। ਭਾਰਤ ਦਾ ਟੀਚਾ, ਐਡੀਲੇਡ ਵਿੱਚ ਛੇ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚਾਂ ਤੋਂ ਪਹਿਲਾਂ ਤਿੰਨ ਟੀ-20 ਮੈਚਾਂ ਦੀ ਲੜੀ ਜਿੱਤ ਕੇ ਆਪਣਾ ਦਾਅਵਾ ਮਜ਼ਬੂਤ ਕਰਨ ਦਾ ਹੋਵੇਗਾ। ਭਾਰਤੀ ਟੀਮ ਨੇ ਨਵੰਬਰ 2017 ਤੋਂ ਹੁਣ ਤੱਕ ਸੱਤ ਟੀ-20 ਲੜੀਆਂ ਜਿੱਤੀਆਂ ਹਨ। ਉਸ ਨੂੰ ਆਖ਼ਰੀ ਵਾਰ ਟੀ-20 ਲੜੀ ਵਿੱਚ ਜੁਲਾਈ 2017 ਵਿੱਚ ਵੈਸਟ ਇੰਡੀਜ਼ ਨੇ ਹਰਾਇਆ ਸੀ। ਬੀਤੇ ਆਸਟਰੇਲਿਆਈ ਦੌਰੇ ’ਤੇ ਭਾਰਤ ਨੇ ਟੀ-20 ਲੜੀ 3-0 ਨਾਲ ਆਪਣੇ ਨਾਮ ਕੀਤੀ ਸੀ। ਦੂਜੇ ਪਾਸੇ ਆਸਟਰੇਲਿਆਈ ਟੀਮ ਅਜੇ ਤੱਕ ਗੇਂਦ ਨਾਲ ਛੇੜਛਾੜ ਵਿਵਾਦ ਤੋਂ ਉਭਰ ਨਹੀਂ ਸਕੀ। ਇਹ ਵਿਵਾਦ ਇਸ ਸਾਲ ਮਾਰਚ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਕੇਪਟਾਊਨ ਟੈਸਟ ਦੌਰਾਨ ਛਿੜਿਆ ਸੀ। ਵਾਰਨਰ ਅਤੇ ਸਮਿੱਥ ਦੀ ਗ਼ੈਰ-ਮੌਜੂਦਗੀ ਵਿੱਚ ਆਸਟਰੇਲਿਆਈ ਟੀਮ ਪਹਿਲਾਂ ਹੀ ਕਮਜ਼ੋਰ ਹੋ ਗਈ ਹੈ। ਦੋਵਾਂ ’ਤੇ ਲੱਗੀਆਂ ਪਾਬੰਦੀਆਂ ਮਗਰੋਂ ਆਸਟਰੇਲੀਆ ਇੱਕ ਵੀ ਟੀ-20 ਲੜੀ ਨਹੀਂ ਜਿੱਤ ਸਕੀ। ਉਸ ਨੂੰ ਜੂਨ ਵਿੱਚ ਇੰਗਲੈਂਡ ਨੇ ਹਰਾਇਆ, ਜਦੋਂਕਿ ਜ਼ਿੰਬਾਬਵੇ ਵਿੱਚ ਟੀ-20 ਲੜੀ ਦੇ ਫਾਈਨਲ ਵਿੱਚ ਪਾਕਿਸਤਾਨ ਨੇ ਮਾਤ ਦਿੱਤੀ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਵਿੱਚ ਪਾਕਿਸਤਾਨ ਤੋਂ ਦੁਵੱਲੀ ਲੜੀ 3-0 ਨਾਲ ਹਾਰ ਗਿਆ। ਭਾਰਤੀ ਟੀਮ ਵਿੱਚ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਹੋਈ ਹੈ, ਜਿਸ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਆਰਾਮ ਦਿੱਤਾ ਗਿਆ ਸੀ। ਉਸ ਦੀ ਵਾਪਸੀ ਨਾਲ ਭਾਰਤੀ ਟੀਮ ਮਜ਼ਬੂਤ ਹੋਈ ਹੈ। ਹੁਣ ਵੇਖਣਾ ਇਹ ਹੈ ਕਿ ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ ਕਿਵੇਂ ਰੋਕ ਲਾ ਪਾਉਂਦੀ ਹੈ। ਕੋਹਲੀ ਨੇ 2016 ਦੀ ਲੜੀ ਵਿੱਚ ਤਿੰਨ ਪਾਰੀਆਂ ਵਿੱਚ 199 ਦੌੜਾਂ ਬਣਾਈਆਂ ਸਨ। ਮੈਚ ਦੁਪਹਿਰ 1.20 ਵਜੇ ਸ਼ੁਰੂ ਹੋਵੇਗਾ। -ਪੀਟੀਆਈ