ਭਾਰਤ ਦੇ ਲਕਸ਼ੈ ਸੈਨ ਨੂੰ ਪੁਰਸ਼ ਸਿੰਗਲਜ਼ ਸੈਮੀ ਫਾਈਨਲਜ਼ ਵਿੱਚ ਹਾਰ ਕੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੂੰ ਥਾਈਲੈਂਡ ਦੇ ਸੀਨੀਅਰ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਾਰਨ ਤੋਂ ਕਰੀਬੀ ਮੁਕਾਬਲੇ ਵਿੱਚ ਹਾਰ ਝੱਲਣੀ ਪਈ। ਥਾਈਲੈਂਡ ਦੇ ਖਿਡਾਰੀ ਨੇ ਇਸ ਸਾਲ ਏਸ਼ਿਆਈ ਜੂਨੀਅਰ ਖ਼ਿਤਾਬ ਜੇਤੂ ਅਲਮੋੜਾ ਦੇ ਲਕਸ਼ੈ ਨੂੰ ਇੱਕ ਘੰਟਾ ਅਤੇ 11 ਮਿੰਟ ਤੱਕ ਚੱਲੇ ਮੈਚ ਵਿੱਚ 22-20, 16-21, 13-21 ਨਾਲ ਮਾਤ ਦਿੱਤੀ। ਜੂਨੀਅਰ ਵਿਸ਼ਵ ਰੈਂਕਿੰਗ ਵਿੱਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਲਕਸ਼ੈ ਨੇ ਕਿਹਾ, ‘‘ਮੈਂ ਲੈਅ ਹਾਸਲ ਨਹੀਂ ਕਰ ਸਕਿਆ, ਜਦੋਂਕਿ ਮੈਂ ਪਹਿਲੀ ਗੇਮ ਜਿੱਤਣ ਵਿੱਚ ਸਫਲ ਰਿਹਾ। ਦੂਜੀ ਗੇਮ ਵਿੱਚ ਉਹ ਕਾਫੀ ਮਜ਼ਬੂਤ ਸੀ। ਮੈਂ ਆਪਣੇ ਮਜ਼ਬੂਤ ਪੱਖਾਂ ਅਨੁਸਾਰ ਖੇਡ ਨਹੀਂ ਸਕਿਆ।’’ ਟੂਰਨਾਮੈਂਟ ਵਿੱਚ ਭਾਰਤ ਦੀ ਆਖ਼ਰੀ ਉਮੀਦ ਲਕਸ਼ੈ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਕਰੀਬੀ ਮੁਕਾਬਲੇ ਵਿੱਚ ਪਹਿਲੀ ਗੇਮ ਜਿੱਤੀ। ਦੂਜੀ ਗੇਮ ਵਿੱਚ ਹਾਲਾਂਕਿ ਥਾਈਲੈਂਡ ਦੇ ਖਿਡਾਰੀ ਨੇ ਵਾਪਸੀ ਕੀਤੀ ਅਤੇ ਇਸ ਨੂੰ ਜਿੱਤ ਕੇ ਸਕੋਰ 1-1 ਕਰ ਲਿਆ। ਦੂਜੀ ਗੇਮ ਗੁਆਉਣ ਮਗਰੋਂ ਭਾਰਤੀ ਖਿਡਾਰੀ ਬਿਲਕੁਲ ਵੀ ਚੁਣੌਤੀ ਪੇਸ਼ ਨਹੀਂ ਕਰ ਸਕਿਆ ਅਤੇ ਕੁਨਲਾਵੁਤ ਨੇ ਤੀਜੀ ਅਤੇ ਫ਼ੈਸਲਾਕੁਨ ਗੇਮ ਵਿੱਚ ਆਸਾਨ ਜਿੱਤ ਨਾਲ ਫਾਈਨਲ ਵਿੱਚ ਥਾਂ ਬਣਾਈ। ਇਸ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਇੱਕੋ-ਇੱਕ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਹੈ, ਜਿਸ ਨੇ 2008 ਵਿੱਚ ਪੁਣੇ ਟੂਰਨਾਮੈਂਟ ਦੌਰਾਨ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਸੀ।
Sports ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਲਕਸ਼ੈ ਨੂੰ ਕਾਂਸੀ