ਪੀਐੱਨਬੀ ਤੇ ਇੰਡੀਅਨ ਰੇਲਵੇ ਦੀ ਜੇਤੂ ਪੇਸ਼ਕਦਮੀ

ਸੈਕਟਰ 42 ਦੇ ਹਾਕੀ ਸਟੇਡੀਅਮ ਵਿੱਚ ਚੱਲ ਰਹੇ 55ਵੇਂ ਹੀਰੋ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਅਤੇ ਇੰਡੀਅਨ ਰੇਲਵੇ ਨੇ ਜਿੱਤਾਂ ਦਰਜ ਕੀਤੀਆਂ। ਪੀਐਨਬੀ ਨੇ ਆਰਮੀ ਇਲੈਵਨ ਨੂੰ 5-3 ਗੋਲਾਂ ਨਾਲ ਹਰਾਇਆ।
ਪੀਐਨਬੀ ਲਈ ਸੁਮੀਤ ਟੋਪੋ ਨੇ (17ਵੇਂ ਮਿੰਟ ਅਤੇ 62ਵੇਂ) ਅਤੇ ਸੁਖਜੀਤ ਨੇ (25ਵੇਂ ਮਿੰਟ ਅਤੇ 53ਵੇਂ) ਦੋ-ਦੋ ਗੋਲ ਦਾਗ਼ੇ, ਜਦੋਂਕਿ ਸ਼ਮਸ਼ੇਰ ਸਿੰਘ (39ਵੇਂ ਮਿੰਟ) ਨੇ ਇੱਕ ਗੋਲ ਕੀਤਾ। ਆਰਮੀ ਇਲੈਵਨ ਵੱਲੋਂ ਵਿਸ਼ਵ ਠਾਕੁਰ (33ਵੇਂ ਮਿੰਟ), ਮਸੀਹ ਦਾਸ ਹੀਰੱਜ਼ (49ਵੇਂ) ਅਤੇ ਬਿਰਜਾ ਇੱਕਾ (67ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ਿਆ। ਇਸ ਮੈਚ ਵਿੱਚ ਪੀਐਨਬੀ ਦੇ ਸੁਖਜੀਤ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ।
ਦੂਜੇ ਕੁਆਰਟਰ ਫ਼ਾਈਨਲ ਵਿੱਚ ਇੰਡੀਅਨ ਰੇਲਵੇ ਨੇ ਸਾਈਂ ਲਖਨਊ ਨੂੰ 5-2 ਗੋਲਾਂ ਨਾਲ ਹਰਾਇਆ। ਇੰਡੀਅਨ ਰੇਲਵੇ ਦੇ ਖਿਡਾਰੀ ਅਜੀਤ ਪਾਂਡੇ ਨੇ 20ਵੇਂ, ਪਰਦੀਪ ਸਿੰਘ ਨੇ 23ਵੇਂ, ਸੀਹੇਸ਼ਾ ਗੋਹਡਾ ਨੇ 32ਵੇਂ ਤੇ 47ਵੇਂ ਅਤੇ ਪਰਤਾਪ ਲਾਕੜਾ ਨੇ 70ਵੇਂ ਮਿੰਟ ਵਿੱਚ ਗੋਲ ਦਾਗ਼ੇ, ਜਦਕਿ ਸਾਈਂ ਲਖਨਊ ਦੀ ਟੀਮ ਵੱਲੋਂ ਸ਼ਾਰਦਾ ਆਨੰਦ ਨੇ 14ਵੇਂ ਅਤੇ 63ਵੇਂ ਮਿੰਟ ਵਿਚ ਦੋ ਗੋਲ ਕੀਤੇ ਗਏ। ਅਜੀਤ ਕੁਮਾਰ ਪਾਂਡੇ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ।