ਟੀ-20 ਮਹਿਲਾ ਵਿਸ਼ਵ ਕੱਪ: ਭਾਰਤ ਦੀ ਆਸਟਰੇਲੀਆ ’ਤੇ ਸ਼ਾਨਦਾਰ ਜਿੱਤ

ਭਾਰਤ ਨੇ ਮਹਿਲਾ ਵਿਸ਼ਵ ਕੱਪ ਟੀ-20 ਕ੍ਰਿਕਟ ਦੇ ਗਰੁੱਪ ਬੀ ਦੇ ਆਖਰੀ ਮੁਕਾਬਲੇ ’ਚ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਉਹ ਗਰੁੱਪ ’ਚ ਸਿਖਰ ’ਤੇ ਰਹੀ ਅਤੇ ਹੁਣ ਉਸ ਦਾ ਸੈਮੀਫਾਈਨਲ ’ਚ ਮੁਕਾਬਲਾ ਗਰੁੱਪ ਏ ’ਚ ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ ਪਰ ਆਸਟਰੇਲੀਆ ਦੀ ਟੀਮ 119 ਦੌੜਾਂ ਹੀ ਬਣਾ ਸਕੀ। ਉਸ ਦੇ 9 ਖਿਡਾਰੀ ਆਊਟ ਹੋਏ ਸਨ ਅਤੇ ਇਕ ਖਿਡਾਰਨ ਦੇ ਸੱਟ ਲੱਗਣ ਕਾਰਨ ਉਹ ਆਖਰੀ ਦੋ ਗੇਂਦਾਂ ਲਈ ਮੈਦਾਨ ’ਚ ਨਹੀਂ ਉਤਰੀ। ਭਾਰਤ ਦੀ ਏ ਪਾਟਿਲ ਨੇ ਤਿੰਨ ਅਤੇ ਡੀ ਬੀ ਸ਼ਰਮਾ, ਆਰ ਪੀ ਯਾਦਵ ਤੇ ਪੂਨਮ ਯਾਦਵ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਵੱਲੋਂ ਐਸ ਮੰਧਾਨਾ ਨੇ 55 ਗੇਂਦਾਂ ’ਚ 83 ਦੌੜਾਂ ਬਣਾਈਆਂ। ਇਸ ਦੌਰਾਨ ਉਹ ਟੀ-20 ਕੌਮਾਂਤਰੀ ਮੈਚਾਂ ’ਚ ਮਿਤਾਲੀ ਰਾਜ ਤੋਂ ਬਾਅਦ ਸਭ ਤੋਂ ਤੇਜ਼ ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਖਿਡਾਰਨ ਬਣ ਗਈ ਹੈ। ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ ’ਚ ਅਹਿਮ 43 ਦੌੜਾਂ ਦਾ ਯੋਗਦਾਨ ਦਿੱਤਾ। ਮੰਧਾਨਾ ਅਤੇ ਹਰਮਨਪ੍ਰੀਤ ਨੇ 68 ਦੌੜਾਂ ਦੀ ਭਾਈਵਾਲੀ ਕੀਤੀ। ਆਸਟਰੇਲੀਆ ਦੀ ਐਲਿਸ ਪੈਰੀ ਸਭ ਤੋਂ ਸਫ਼ਲ ਗੇਂਦਬਾਜ਼ ਰਹੀ। ਉਸ ਨੇ ਤਿੰਨ ਭਾਰਤੀ ਖਿਡਾਰੀਆਂ ਨੂੰ ਆਊਟ ਕੀਤਾ।