ਉੱਘੀ ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਦੇ ਇਟਲੀ ਵਿਚ ਹੋਏ ਵਿਆਹ ਸਮਾਗਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਇਕ ਹੋਟਲ ਵਿਚ ਲਿਜਾਣ ’ਤੇ ਉੱਥੋਂ ਦੇ ਸਿੱਖ ਭਾਈਚਾਰੇ ਨੇ ਇਤਰਾਜ਼ ਉਠਾਇਆ ਹੈ।
ਇਸ ਫਿਲਮੀ ਜੋੜੀ ਦਾ ਵਿਆਹ 14 ਅਤੇ 15 ਨਵੰਬਰ ਨੂੰ ਇਟਲੀ ਦੇ ਸ਼ਹਿਰ ਲੇਕ ਕੋਮੋ ਵਿਖੇ ਬਾਲਬੀਆ ਨੈਲੋ ਨਾਂ ਦੇ ਇਕ ਵਿਲਾ ਨੁਮਾ ਹੋਟਲ ਵਿਚ ਕੋਂਕਣੀ ਅਤੇ ਸਿੰਧੀ ਰੀਤੀ ਰਿਵਾਜ਼ ਮੁਤਾਬਕ ਕੀਤਾ ਗਿਆ ਸੀ। ਦੋਵਾਂ ਕਲਾਕਾਰਾਂ ਦੇ ਪਰਿਵਾਰ ਅਤੇ ਗਿਣੇ ਚੁਣੇ ਮਹਿਮਾਨ ਇਸ ਵਿਆਹ ਵਿਚ ਸ਼ਾਮਲ ਹੋਣ ਲਈ ਇਟਲੀ ਪੁੱਜੇ ਸਨ। ਇਕ ਦਿਨ ਵਿਆਹ ਸਮਾਗਮ ਕੋਂਕਣੀ ਰੀਤੀ ਰਿਵਾਜ਼ ਮੁਤਾਬਕ ਅਤੇ ਦੂਜੇ ਦਿਨ ਸਿੰਧੀ ਰੀਤੀ ਰਿਵਾਜ਼ ਮੁਤਾਬਕ ਕੀਤਾ ਗਿਆ। ਸਿੰਧੀ ਰੀਤੀ ਰਿਵਾਜ਼ ਮੁਤਾਬਕ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਫੇਰੇ ਲਏ ਅਤੇ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਅਨੰਦ ਕਾਰਜ ਹੋਇਆ ਸੀ।
ਵਿਆਹ ਸਮਾਗਮ ਤੋਂ ਬਾਅਦ ਜਦੋਂ ਇਟਲੀ ਵਸਦੇ ਕੁਝ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵਿਆਹ ਸਮਾਗਮ ਲਈ ਹੋਟਲ ਵਿਚ ਲਿਜਾਇਆ ਗਿਆ ਹੈ ਤਾਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਮੁਤਾਬਕ ਇਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਇਸ ’ਤੇ ਇਤਰਾਜ਼ ਕੀਤਾ। ਇਸ ਸਬੰਧੀ ਇਟਲੀ ਵਿਚ ‘ਇੰਡੀਅਨ ਸਿੱਖ ਕਮਿਊਨਿਟੀ’ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਲਈ ਸ਼ਹਿਰ ਬਰੇਸ਼ੀਆ ਸਥਿਤ ਗੁਰਦੁਆਰਾ ਸਿੰਘ ਸਭਾ, ਫਲੈਰੋ ਤੋਂ ਪਾਵਨ ਸਰੂਪ ਲਿਜਾਇਆ ਗਿਆ ਸੀ। ਲੇਕ ਕੋਮੋ ਸ਼ਹਿਰ ਲਗਪਗ 150 ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਵਲੋਂ ਇਸ ਸਬੰਧ ਵਿਚ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਪ੍ਰਬੰਧਕਾਂ ਵਲੋਂ ਪਾਵਨ ਸਰੂਪ ਉਥੇ ਹੋਟਲ ਵਿਚ ਪਹੁੰਚਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਏ ਇਸ ਵਿਆਹ ਸਮਾਗਮ ਵਿਚ ਦੂਜੇ ਦਿਨ ਦੋਵਾਂ ਕਲਾਕਾਰਾਂ ਨੇ ਸਿੱਖ ਰੀਤੀ ਰਿਵਾਜ਼ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਫੇਰੇ ਲਏ ਪਰ ਪ੍ਰਬੰਧਕਾਂ ਵਲੋਂ ਸਿੱਖ ਰੀਤੀ ਰਿਵਾਜਾਂ ਨੂੰ ਸਿੰਧੀ ਰੀਤੀ ਰਿਵਾਜ਼ ਦੱਸ ਕੇ ਇਹ ਗੱਲ ਲੁਕਾਉਣ ਦਾ ਯਤਨ ਕੀਤਾ ਗਿਆ ਕਿ ਇਹ ਅਨੰਦ ਕਾਰਜ ਹੈ। ਉਨ੍ਹਾਂ ਆਖਿਆ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਟਲੀ ਦੇ ਸਿੱਖਾਂ ਵਲੋਂ ਇਸ ਤੇ ਇਤਰਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਿੱਖ ਜਥੇਬੰਦੀਆਂ ਵਲੋਂ ਇਕ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਾਉਣ ਲਈ ਅਪੀਲ ਕੀਤੀ ਜਾਵੇਗੀ। ਜਿਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਵਨ ਸਰੂਪ ਹੋਟਲ ਵਿਚ ਭੇਜ ਕੇ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਜਾਵੇਗੀ। ਉਹ ਖੁਦ ਵੀ ਜਲਦੀ ਹੀ ਇਸ ਹੋਟਲ ਨੁਮਾ ਵਿਲਾ ਦਾ ਦੌਰਾ ਕਰਨਗੇ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਨੰਦ ਕਾਰਜ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ ਦੇ ਜਥੇ ਵਲੋਂ ਲਾਵਾਂ ਦਾ ਕੀਰਤਨ ਕੀਤਾ ਗਿਆ ਹੈ। ਇਹ ਰਾਗੀ ਜਥਾ ਇਨ੍ਹਾਂ ਦਿਨਾਂ ਵਿਚ ਇਟਲੀ ਗਿਆ ਹੋਇਆ ਹੈ। ਇਨ੍ਹਾਂ ਦੱਸਿਆ ਕਿ ਅਨੰਦ ਕਾਰਜ ਸਮੇਂ ਸ਼ਬਦ ਕੀਰਤਨ ਵੀ ਹੋਇਆ ਅਤੇ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਬਕਾਇਦਾ ਪੱਲਾ ਫੜਾਈ ਦੀ ਰਸਮ ਵੀ ਹੋਈ ਹੈ।
Entertainment ਦੀਪਿਕਾ-ਰਣਵੀਰ ਵਿਆਹ ਮੌਕੇ ਮਰਿਆਦਾ ਦੀ ਉਲੰਘਣਾ ਤੋਂ ਸਿੱਖਾਂ ’ਚ ਰੋਸ