ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਗਰੁੱਪ ਬੀ ’ਚ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਜਿੱਤਾਂ ਦੀ ਹੈਟਟ੍ਰਿਕ ਲਗਾਉਂਦਿਆਂ ਸੈਮੀ ਫਾਈਨਲ ’ਚ ਦਾਖ਼ਲਾ ਹਾਸਲ ਕਰ ਲਿਆ ਹੈ। ਭਾਰਤ ਨੇ ਮਿਤਾਲੀ ਰਾਜ ਦੇ ਨੀਮ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ ਸਨ। ਆਇਰਲੈਂਡ ਦੀ ਟੀਮ 8 ਵਿਕਟਾਂ ਗੁਆ ਕੇ ਮਹਿਜ਼ 93 ਦੌੜਾਂ ਹੀ ਬਣਾ ਸਕੀ। ਰਾਧਾ ਯਾਦਵ ਨੇ ਤਿੰਨ ਅਤੇ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ। ਆਇਰਲੈਂਡ ਵੱਲੋਂ ਜੋਇਸ ਨੇ ਸਭ ਤੋਂ ਵਧ 33 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਮਿਤਾਲੀ ਰਾਜ ਨੇ 56 ਗੇਂਦਾਂ ’ਚ 51 ਦੌੜਾਂ ਬਣਾਈਆਂ। ਉਸ ਨੇ ਸਮ੍ਰਿਤੀ ਮੰਦਾਨਾ (29 ਗੇਂਦਾਂ ’ਚ 33 ਦੌੜਾਂ) ਨਾਲ ਪਹਿਲੇ ਵਿਕਟ ਲਈ 67 ਅਤੇ ਜੈਮਿਮਾ ਰੌਡਰਿਗਜ਼ (11 ਗੇਂਦਾਂ ’’ਚ 18 ਦੌੜਾਂ) ਨਾਲ ਦੂਜੇ ਵਿਕਟ ਲਈ 40 ਦੌੜਾਂ ਦੀ ਦੋ ਅਹਿਮ ਸਾਂਝੇਦਾਰੀਆਂ ਕੀਤੀਆਂ। ਆਇਰਲੈਂਡ ਲਈ ਕਿਮ ਗਾਰਥ ਨੇ ਦੋ ਵਿਕਟਾਂ ਹਾਸਲ ਕੀਤੀਆਂ। ਮੈਚ ਤੋਂ ਪਹਿਲਾਂ ਮੀਂਹ ਕਾਰਨ ਦੋਵੇਂ ਟੀਮਾਂ ’ਚੋਂ ਕੋਈ ਵੀ ਟੀਮ ਪਹਿਲਾਂ ਬੱਲੇਬਾਜ਼ੀ ਨਹੀਂ ਕਰਨਾ ਚਾਹੁੰਦੀ ਸੀ। ਟਾਸ ਹਾਰਨ ਕਾਰਨ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ ’ਚ ਉਤਰਨਾ ਪਿਆ। ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਬਣਾਉਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ ਨੇ ਰਿਚਰਡਸਨ ਦੀ ਗੇਂਦ ’ਤੇ ਛੱਕਾ ਜੜਿਆ ਪਰ ਅਗਲੀ ਗੇਂਦ ’ਤੇ ਉਹ ਕੈਚ ਆਊਟ ਹੋ ਗਈ। ਉਸ ਨੇ ਸਿਰਫ਼ ਸੱਤ ਦੌੜਾਂ ਬਣਾਈਆਂ।