ਮਹਿਲਾ ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਸਣੇ ਕਈਆਂ ਨੂੰ ਪਹਿਲੇ ਗੇੜ ’ਚ ਮਿਲੀ ਬਾਈ

ਭਾਰਤੀ ਟੀਮ ਦੀਆਂ ਦੋ ਮੁੱਕੇਬਾਜ਼ ਐੱਲ ਸਰਿਤਾ ਦੇਵੀ (60 ਕਿੱਲੋ) ਅਤੇ ਮਨੀਸ਼ਾ ਮੋਨ (54 ਕਿੱਲੋ) ਭਲਕੇ ਸ਼ੁੱਕਰਵਾਰ ਨੂੰ ਇੱਥੇ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲਾ ਮੁਕਾਬਲਾ ਖੇਡਣਗੀਆਂ।
ਪਿਛਲੀ ਵਾਰ ਭਾਰਤ ਵਿੱਚ 2006 ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਸਰਿਤਾ ਨੂੰ ਪਹਿਲੇ ਗੇੜ ’ਚ ਬਾਈ ਮਿਲੀ ਹੈ ਪਰ ਉਹ ਦੂਜੇ ਗੇੜ ’ਚ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੀ ਡਾਇਨਾ ਸਾਂਡਰਾ ਬਰੁਗਰ ਨਾਲ ਭਿੜੇਗੀ ਜਿਸ ਨੇ ਅੱਜ ਇੰਡੋਨੇਸ਼ੀਆ ਦੀ ਹੁਸਵਾਟੂਨ ਹਸਾਨਾਹ ਨੂੰ 5-0 ਨਾਲ ਹਰਾਇਆ। ਉੱਧਰ, ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚਣ ਲਈ ਮਨੀਸ਼ਾ ਦਾ ਸਾਹਮਣਾ ਪਹਿਲੇ ਗੇੜ ’ਚ ਅਮਰੀਕਾ ਦੀ ਕ੍ਰਿਸਟੀਨਾ ਕਰੂਜ਼ ਨਾਲ ਹੋਵੇਗਾ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀ ਕੌਮ 48 ਕਿੱਲੋ ਭਾਰ ਵਰਗ ਸਣੇ ਸੱਤ ਮੁੱਕੇਬਾਜ਼ਾਂ ਨੂੰ ਪਹਿਲੇ ਗੇੜ ’ਚ ਬਾਈ ਮਿਲੀ ਹੈ। ਮਨੀਸ਼ਾ ਤੋਂ ਇਲਾਵਾ ਸਿਮਰਨਜੀਤ ਕੌਰ (64 ਕਿੱਲੋ) ਅਤੇ ਭਾਗਿਆਵਤੀ ਕਾਚਰੀ (81 ਕਿੱਲੋ) ਨੂੰ ਪਹਿਲੇ ਗੇੜ ਤੋਂ ਸ਼ੁਰੂਆਤ ਕਰਨੀ ਹੋਵੇਗੀ। ਮੈਗਨੀਫਿਸ਼ੈਂਟ ਮੇਰੀ 18 ਨਵੰਬਰ ਨੂੰ ਪ੍ਰੀ ਕੁਆਰਟਰ ਫਾਈਨਲ ’ਚ ਸ਼ੁੱਕਰਵਾਰ ਨੂੰ ਕਜ਼ਾਖ਼ਿਸਤਾਨ ਦੀ ਐਜਰਿਮ ਕਾਸੇਨਾਇਵਾ ਅਤੇ ਅਮਰੀਕਾ ਦੀ ਜਾਜੇਲੇ ਬੋਬਾਡਿੱਲਾ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਭਿੜੇਗੀ।
ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਪਿੰਕੀ ਰਾਣੀ (51 ਕਿੱਲੋ) ਪਹਿਲੇ ਮੁਕਾਬਲੇ ’ਚ 17 ਨਵੰਬਰ ਨੂੰ ਅਰਮੇਨੀਆ ਦੀ ਅਨੁਸ਼ ਗ੍ਰੀਗੋਰਿਆਨ ਦੇ ਸਾਹਮਣੇ ਹੋਵੇਗੀ। ਜਿੱਤਣ ਦੀ ਸਥਿਤੀ ’ਚ ਉਹ ਪ੍ਰੀ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਏਗੀ। ਸੋਨੀਆ (57 ਕਿੱਲੋ) ਵੀ 17 ਨਵੰਬਰ ਨੂੰ ਮੋਰੱਕੋ ਦੀ ਡੋਆ ਟੋਇਊਜਾਨੀ ਨਾਲ ਭਿੜੇਗੀ ਜਿਸ ਨੇ ਕੇਡੀ ਜਾਧਵ ਹਾਲ ’ਚ ਅੱਜ ਸੋਮਾਲੀਆ ਦੀ ਰਾਮਲਾ ਅਲੀ ਨੂੰ ਹਰਾਇਆ। ਰਾਮਲਾ ਦੇਸ਼ ਦੀ ਪਹਿਲੀ ਮੁੱਕੇਬਾਜ਼ ਹੈ ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਹੈ। ਲਾਈਟ ਵੈਲਟਰਵੇਟ (64 ਕਿੱਲੋ) ’ਚ ਸਿਮਰਨਜੀਤ ਕੌਰ ਪ੍ਰੀ ਕੁਆਰਟਰ ਫਾਈਨਲ ’ਚ ਜਗ੍ਹਾ ਯਕੀਨੀ ਬਣਾਉਣ ਲਈ 17 ਨਵੰਬਰ ਨੂੰ ਅਮਰੀਕਾ ਦੀ ਅਮੇਲੀਆ ਮੂਰ ਨਾਲ ਭਿੜੇਗੀ। ਲਵਲੀਨਾ ਬੋਰਗੋਹੇਨ (69 ਕਿੱਲੋ) ਬਾਈ ਮਿਲਣ ਤੋਂ ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ, ਜਿਸ ’ਚ 18 ਨਵੰਬਰ ਨੂੰ ਉਸ ਦਾ ਮੁਕਾਬਲਾ ਯੂਕਰੇਨ ਦੀ ਯੂਲੀਆ ਸਟੋਈਕੋ ਅਤੇ ਐਥੇਯਨਾ ਬਾਈਲੋਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ। ਸਾਵਿਟੀ ਬੂਰਾ (75 ਕਿੱਲੋ) 19 ਨਵੰਬਰ ਨੂੰ ਰਿੰਗ ’ਚ ਪਹਿਲੀ ਬਾਊਟ ਖੇਡੇਗੀ ਜਿਸ ’ਚ ਉਸ ਦਾ ਮੁਕਾਬਲਾ ਪੋਲੈਂਡ ਦੀ ਵੋਜ਼ਸਿਕ ਐਲਜਬਿਏਟਾ ਅਤੇ ਕੋਰੀਆ ਦੀ ਸੂਈਨ ਸਿਓਨ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗਾ। ਭਾਗਿਆਵਤੀ ਕਾਚਰੀ (81 ਕਿੱਲੋ) ਪਹਿਲੇ ਗੇੜ ’ਚ 18 ਨਵੰਬਰ ਨੂੰ ਜਰਮਨੀ ਦੀ ਇਰਿਨਾ ਨਿਕੋਲੇਟਾ ਸ਼ਕੋਨਬਰਗਰ ਨਾਲ ਭਿੜੇਗੀ ਜਿਸ ’ਚ ਜਿੱਤਣ ਨਾਲ ਉਹ ਕੁਆਰਟਰ ਫਾਈਨਲ ਤੱਕ ਪਹੁੰਚ ਜਾਵੇਗੀ। ਹੈਵੀ ਵੇਟ ਵਰਗ (81 ਕਿੱਲੋ ਤੋਂ ਵੱਧ) ’ਚ ਸੀਮਾ ਪੂਨੀਆ ਹੀ ਇੱਕਮਾਤਰ ਭਾਰਤੀ ਹੈ ਜੋ ਇਕ ਜਿੱਤ ਨਾਲ ਤਗ਼ਮੇ ਦੀ ਦੌੜ ’ਚ ਪਹੁੰਚ ਜਾਵੇਗੀ। 20 ਨਵੰਬਰ ਨੂੰ ਉਸ ਦਾ ਮੁਕਾਬਲਾ ਚੀਨ ਦੀ ਜਿਓਲੀ ਯਾਂਗ ਨਾਲ ਹੋਵੇਗਾ। ਇਸ ਡਰਾਅ ’ਚ ਸਿਰਫ 10 ਹੀ ਮੁੱਕੇਬਾਜ਼ ਹਨ।