ਸੁਨੀਲ ਛੇਤਰੀ ਦੀ ਥਾਂ ਕੋਈ ਨਹੀਂ ਲੈ ਸਕਦਾ: ਸਟੀਫਨ ਕੌਂਸਟੈਂਟਾਈਨ

ਭਾਰਤ ਵਿੱਚ ਸਟਰਾਈਕਰਾਂ ਦੀ ਘਾਟ ਤੋਂ ਨਿਰਾਸ਼ ਕੌਮੀ ਫੁਟਬਾਲ ਟੀਮ ਦੇ ਮੁੱਖ ਕੋਚ ਸਟੀਫਨ ਕੌਂਸਟੈਂਟਾਈਨ ਨੇ ਅੱਜ ਕਿਹਾ ਕਿ ਕਪਤਾਨ ਸੁਨੀਲ ਛੇਤਰੀ ਦੀ ਥਾਂ ਕੋਈ ਨਹੀਂ ਲੈ ਸਕਦਾ, ਪਰ ਕੋਈ ਨੌਜਵਾਨ ਸਟਰਾਈਕਰ ਲੱਭਣ ਦੀ ਲੋੜ ਹੈ। ਉਸ ਨੇ ਸੀਨੀਅਰ ਖਿਡਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਨੂੰ ਰੱਦ ਕਰ ਦਿੱਤਾ। ਭਾਰਤੀ ਟੀਮ ਸੰਯੁਕਤ ਅਰਬ ਅਮੀਰਾਤ ਵਿੱਚ ਜਨਵਰੀ 2019 ਵਿੱਚ ਹੋਣ ਵਾਲੇ ਏਐਫਸੀ ਏਸ਼ਿਆਈ ਕੱਪ ਦੀਆਂ ਤਿਆਰੀਆਂ ਲਈ 17 ਨਵੰਬਰ ਨੂੰ ਜੌਰਡਨ ਖ਼ਿਲਾਫ਼ ਦੋਸਤਾਨਾ ਅਭਿਆਸ ਮੈਚ ਖੇਡਣ ਲਈ ਵੀਰਵਾਰ ਨੂੰ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਭਾਰਤ ਨੇ ਅਕਤੂਬਰ ਵਿੱਚ ਚੀਨ ਦੀ ਮਜ਼ਬੂਤ ਟੀਮ ਨਾਲ ਗੋਲਰਹਿਤ ਡਰਾਅ ਖੇਡਿਆ ਸੀ। ਸਟਾਰ ਸਟਰਾਈਕਰ ਸੁਨੀਲ ਛੇਤਰੀ ਸੱਟ ਕਾਰਨ ਇਸ ਮੁਕਾਬਲੇ ਵਿੱਚ ਵੀ ਖੇਡ ਨਹੀਂ ਸਕਿਆ ਸੀ। ਕੌਂਸਟੈਂਟਾਈਨ ਆਈ ਲੀਗ ਫੁਟਬਾਲ ਟੂਰਨਾਮੈਂਟ ਅਤੇ ਇੰਡੀਅਨ ਸੁਪਰ ਲੀਗ ਵਿੱਚ ਵਿਦੇਸ਼ੀ ਸਟਰਾਈਕਰਾਂ ਨੂੰ ਖਿਡਾਉਣ ਤੋਂ ਵੀ ਖ਼ੁਸ਼ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਭਾਰਤ ਨੂੰ ਜੇਕਰ ਚੰਗੇ ਸਟਰਾਈਕਰ ਚਾਹੀਦੇ ਹਨ ਤਾਂ ਇਨ੍ਹਾਂ ਵਿਦੇਸ਼ੀ ਫਾਰਵਰਡਾਂ ਨੂੰ ਖਿਡਾਉਣਾ ਬੰਦ ਕਰ ਦੇਣਾ ਚਾਹੀਦਾ ਹੈ।ਰਿਪੋਰਟਾਂ ਅਨੁਸਾਰ ਸੁਨੀਲ ਅਤੇ ਕੌਂਸਟੈਂਟਾਈਨ ਵਿਚਾਲੇ ਮਤਭੇਦ ਚੱਲ ਰਹੇ ਸਨ ਅਤੇ ਸੀਨੀਅਰ ਖਿਡਾਰੀ ਉਸ ਤੋਂ ਖ਼ੁਸ਼ ਨਹੀਂ ਸੀ। ਉਸ ਨੇ ਭਾਰਤੀ ਫੁਟਬਾਲ ਸੰਘ (ਏਆਈਐਫਐਫ) ਵਿੱਚ ਵੀ ਇਸ ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਭਾਰਤੀ ਟੀਮ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ, ਟੀਮ ਨੂੰ ਪਿਛਲੇ 14 ਕੌਮਾਂਤਰੀ ਮੈਚਾਂ ਵਿੱਚ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ।