ਪਾਕਿ ਦੇ ਵਿਸ਼ਵ ਹਾਕੀ ਕੱਪ ਲਈ ਸਪਾਂਸਰ ਮਿਲਿਆ

ਹਾਕੀ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖੇਡਣ ਸਬੰਧੀ ਸ਼ੰਕੇ ਦੂਰੇ ਹੋ ਗਏ ਹਨ ਕਿਉਂਕਿ ਇੱਕ ਕ੍ਰਿਕਟ ਫਰੈਂਚਾਈਜ਼ੀ ਦੇ ਮਾਲਿਕ ਨੇ ਪੈਸੇ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐਚਐਫ) ਦੇ ਸਿਰ ’ਤੇ ਹੱਥ ਰੱਖ ਦਿੱਤਾ ਹੈ। ਪੀਐਚਐਫ ਦੇ ਸਕੱਤਰ ਸ਼ਾਹਬਾਜ਼ ਅਹਿਮਦ ਨੇ ਦੱਸਿਆ ਕਿ ਪਾਕਿਸਤਾਨ ਸੁਪਰ ਲੀਗ ਦੀ ਫ਼ਰੈਂਚਾਈਜ਼ੀ ਪੇਸ਼ਾਵਰ ਜ਼ਾਲਮੀ ਦੇ ਮਾਲਿਕ ਜਾਵੇਦ ਅਫ਼ਰੀਦੀ ਨੇ ਪੀਐਚਐਫ ਨਾਲ ਸਪਾਂਸਰ ਸਬੰਧੀ ਵੱਡਾ ਸਮਝੌਤਾ ਕੀਤਾ ਹੈ, ਜੋ 2020 ਤੱਕ ਚੱਲੇਗਾ। ਇਸ ਸਮਝੌਤੇ ਵਿੱਚ ਸੀਨੀਅਰ ਅਤੇ ਜੂਨੀਅਰ ਟੀਮ ਦੇ ਸਾਰੇ ਕੌਮਾਂਤਰੀ ਦੌਰਿਆਂ ਤੋਂ ਇਲਾਵਾ ਘਰੇਲੂ ਹਾਕੀ ਵੀ ਸ਼ਾਮਲ ਹੈ।
ਸ਼ਾਹਬਾਜ਼ ਨੇ ਕਿਹਾ, ‘‘ਇਹ ਸਾਡੇ ਲਈ ਵੱਡੀ ਰਾਹਤ ਹੈ। ਪੇਸ਼ਾਵਰ ਜ਼ਾਲਮੀ ਫਰੈਂਚਾਈਜ਼ੀ ਦੇ ਮਾਲਕ ਜਾਵੇਦ ਅਫਰੀਦੀ ਨੇ ਆਪਣੀ ਕੰਪਨੀ ਹਾਇਰ ਪਾਕਿਸਤਾਨ ਵੱਲੋਂ ਪਾਕਿਸਤਾਨ ਹਾਕੀ ਨਾਲ ਸਪਾਂਸਰ ਸਬੰਧੀ ਸਮਝੌਤਾ ਕੀਤਾ ਹੈ।’’ ਉਸ ਨੇ ਕਿਹਾ, ‘‘ਪਾਕਿ ਟੀਮ ਵਿਸ਼ਵ ਕੱਪ ਖੇਡਣ ਭਾਰਤ ਜਾਵੇਗੀ।’’ ਸ਼ਾਹਬਾਜ਼ ਨੇ ਹਾਲਾਂਕਿ ਸਪਾਂਸਰ ਸਬੰਧੀ ਰਕਮ ਦਾ ਖ਼ੁਲਾਸਾ ਨਹੀਂ ਕੀਤਾ।
ਹਾਕੀ ਵਿਸ਼ਵ ਕੱਪ ਭੁਵਨੇਸ਼ਵਰ ਵਿੱਚ 28 ਨਵੰਬਰ ਤੋਂ 16 ਦਸੰਬਰ ਤੱਕ ਖੇਡਿਆ ਜਾਵੇਗਾ। ਪੀਐਚਐਫ ਨੇ ਇਸ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਅੱਠ ਕਰੋੜ ਰੁਪਏ ਦਾ ਫੰਡ ਨਹੀਂ ਦਿੰਦੀ ਤਾਂ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖੇਡਣ ’ਤੇ ਸੰਕਟ ਆਵੇਗਾ। ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਕੀ ਦੇ ਪਾਕਿਸਤਾਨ ਦੀ ਕੌਮੀ ਖੇਡ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਫੰਡ ਜਾਰੀ ਨਹੀਂ ਕੀਤਾ।
ਸ਼ਾਹਬਾਜ਼ ਨੇ ਕਿਹਾ ਕਿ ਸਪਾਂਸਰ ਰਾਹੀਂ ਮਿਲੀ ਰਕਮ ਨਾਲ ਪੀਐੱਚਐੱਫ ਨਾ ਸਿਰਫ਼ ਆਪਣੀ ਟੀਮ ਨੂੰ ਭਾਰਤ ਭੇਜ ਸਕੇਗਾ, ਸਗੋਂ ਖਿਡਾਰੀਆਂ ਦੀ ਬਾਕੀ ਰਹਿੰਦੀ ਰਕਮ ਵੀ ਦਿੱਤੀ ਜਾ ਸਕੇਗੀ, ਜਿਨ੍ਹਾਂ ਨੂੰ ਹਾਲ ਹੀ ਵਿੱਚ ਹੋਈ ਏਸ਼ਿਆਈ ਚੈਂਪੀਅਨਜ਼ ਟਰਾਫੀ ਅਤੇ ਕੈਂਪ ਲਈ ਰੋਜ਼ਾਨਾ ਦੇ ਭੱਤੇ ਨਹੀਂ ਮਿਲੇ।