ਇੰਗਲੈਂਡ ਨੇ ਸ੍ਰੀਲੰਕਾ ਨੂੰ ਸ਼ੁੱਕਰਵਾਰ ਨੂੰ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ 211 ਦੌੜਾਂ ਦੀ ਕਰਾਰੀ ਮਾਤ ਦਿੱਤੀ। ਇੰਗਲੈਂਡ ਦੀ ਵਿਦੇਸ਼ ਵਿਚ ਖੇਡੇ ਪਿਛਲੇ 13 ਮੈਚਾਂ ਵਿਚ ਇਹ ਪਹਿਲੀ ਜਿੱਤ ਹੈ। ਦੁਨੀਆ ਦੇ ਖੱਬੇ ਹੱਥ ਦੇ ਸਭ ਤੋਂ ਸਫ਼ਲ ਸਪਿੰਨਰ ਰੰਗਨਾ ਹੇਰਾਥ ਦਾ ਇਹ ਆਖ਼ਰੀ ਟੈਸਟ ਸੀ। ਉਨ੍ਹਾਂ ਸੰਨਿਆਸ ਲੈਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਸ੍ਰੀਲੰਕਾ ਅੱਗੇ ਜਿੱਤ ਲਈ 462 ਦੌੜਾਂ ਦਾ ਟੀਚਾ ਸੀ, ਪਰ ਟੀਮ ਮੈਚ ਦੇ ਚੌਥੇ ਦਿਨ 250 ਦੌੜਾਂ ਉੱਤੇ ਹੀ ਢੇਰ ਹੋ ਗਈ।
ਇੰਗਲੈਂਡ ਵਲੋਂ ਮੋਇਨ ਅਲੀ ਨੇ ਚਾਰ ਤੇ ਜੈਕ ਲੀਚ ਨੇ ਤਿੰਨ ਵਿਕਟਾਂ ਝਟਕਾਈਆਂ। ਇੰਗਲੈਂਡ ਨੇ ਪਹਿਲੀ ਪਾਰੀ ਵਿਚ 139 ਦੌੜਾਂ ਦੀ ਲੀਡ ਬਣਾਈ ਸੀ ਤੇ ਫਿਰ ਵੀਰਵਾਰ ਨੂੰ ਕੀਟੋਨ ਜੇਨਿੰਗਸ ਦੀਆਂ ਨਾਬਾਦ 146 ਦੌੜਾਂ ਦੀ ਮਦਦ ਨਾਲ ਆਪਣੀ ਦੂਜੀ ਪਾਰੀ ਵਿਚ ਛੇ ਵਿਕਟਾਂ ’ਤੇ 322 ਦੌੜਾਂ ਬਣਾ ਕੇ ਸਮਾਪਤੀ ਦਾ ਐਲਾਨ ਕੀਤਾ ਸੀ। ਸ੍ਰੀਲੰਕਾ ਨੇ ਅੱਜ ਸਵੇਰੇ ਬਿਨਾਂ ਕਿਸੇ ਨੁਕਸਾਨ ਤੋਂ 15 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਸਲਾਮੀ ਬੱਲੇਬਾਜ਼ ਕੌਸ਼ਲ ਸਿਲਵਾ (30) ਤੇ ਦਿਮੁਥ ਕਰੁਣਾਰਤਨੇ (26) ਨੇ ਪਹਿਲੇ ਘੰਟੇ ਵਿਚ ਚੰਗੀ ਬੱਲੇਬਾਜ਼ੀ ਕੀਤੀ, ਪਰ ਬਾਅਦ ਵਿਚ ਹਮਲਾਵਰ ਸ਼ਾਟ ਖੇਡਦਿਆਂ ਵਿਕਟ ਗੁਆ ਬੈਠੇ।
ਇਸ ਤੋਂ ਬਾਅਦ ਧਨੰਜੈ ਡੀਸਿਲਵਾ (21) ਵੀ ਸਵੇਰ ਦੇ ਸੈਸ਼ਨ ਦੀ ਆਖ਼ਰੀ ਗੇਂਦ ਉੱਤੇ ਵਿਕਟ ਗੁਆ ਬੈਠੇ। ਲੰਚ ਤੋਂ ਬਾਅਦ ਕੁਸਾਲ ਮੈਂਡਿਸ (45) ਲੰਮਾ ਸ਼ਾਟ ਖੇਡਣ ਦੇ ਚੱਕਰ ਵਿਚ ਕੈਚ ਦੇ ਬੈਠੇ। ਕਪਤਾਨ ਦਿਨੇਸ਼ ਚੰਦੀਮਲ ਨੂੰ ਨੂੰ ਲੀਚ ਨੇ ਬੋਲਡ ਕੀਤਾ। ਏਂਜੇਲਾ ਮੈਥਿਊਜ਼ ਨੇ 53 ਦੌੜਾਂ ਦਾ ਯੋਗਦਾਨ ਦਿੱਤਾ।
Sports ਟੈਸਟ ਲੜੀ: ਇੰਗਲੈਂਡ ਨੇ ਸ੍ਰੀਲੰਕਾ ਨੂੰ ਕਰਾਰੀ ਮਾਤ ਦਿੱਤੀ