ਵਿਰਾਟ ਕੋਹਲੀ ਨੂੰ ਆਪਣੇ ਇਕ ਪ੍ਰਸੰਸਕ ਨੂੰ ਭਾਰਤ ਛੱਡਣ ਦੀ ਟਿੱਪਣੀ ਕਰਨ ’ਤੇ ਚਾਰੇ ਪਾਸਿਉਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਫਿਲਮਕਾਰ ਅਨੁਭਵ ਸਿਨਹਾ ਕ੍ਰਿਕਟਰ ਵਿਰਾਟ ਕੋਹਲੀ ਦੇ ਹੱਕ ਵਿਚ ਖੜ੍ਹ ਗਏ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵਿਰਾਟ ਨੂੰ ਘੱਟ ਨਾ ਸਮਝਣ। ਦੱਸਣਯੋਗ ਹੈ ਕਿ ਵਿਰਾਟ ਨੇ ਆਪਣੇ 30 ਵੇਂ ਜਨਮ ਦਿਨ ਮੌਕੇ ‘ਵਿਰਾਟ ਕੋਹਲੀ ਆਫੀਸ਼ੀਅਲ ਐਪ’ ਜਾਰੀ ਕੀਤਾ ਸੀ ਤੇ ਉਸ ਦੇ ਇਕ ਪ੍ਰਸੰਸਕ ਨੇ ਟਿੱਪਣੀ ਕੀਤੀ ਸੀ ਕਿ ਵਿਰਾਟ ਦੀ ਬੱਲੇਬਾਜ਼ੀ ਵਿਚ ਕੋਈ ਖਾਸ ਗੱਲ ਨਹੀਂ ਤੇ ਉਹ ਇੰਗਲੈਂਡ ਤੇ ਆਸਟਰੇਲੀਆ ਦੇ ਬੱਲਬਾਜ਼ਾਂ ਨੂੰ ਵਧੇਰੇ ਪਸੰਦ ਕਰਦਾ ਹੈ। ਇਸ ਦੇ ਜਵਾਬ ਵਿਚ ਵਿਰਾਟ ਨੇ ਕਿਹਾ ਸੀ ਕਿ ਜੇਕਰ ਕੋਈ ਭਾਰਤ ਵਿਚ ਰਹਿੰਦਾ ਹੈ ਤੇ ਉਸ ਨੂੰ ਭਾਰਤੀ ਖਿਡਾਰੀ ਚੰਗੇ ਨਹੀਂ ਲੱਗਦੇ ਤਾਂ ਉਸ ਨੂੰ ਭਾਰਤ ਵਿਚ ਨਹੀਂ ਰਹਿਣਾ ਚਾਹੀਦਾ। ਇਸ ਤੋਂ ਬਾਅਦ ਵਿਰਾਟ ਨੇ ਪ੍ਰਸੰਸਕ ਨੂੰ ਕਿਹਾ ਕਿ ਉਹ ਕਿਸੇ ਹੋਰ ਦੇਸ਼ ਵਿਚ ਰਹਿਣ ਲਈ ਚਲਾ ਜਾਵੇ ਪਰ ਜਦੋਂ ਵਿਰਾਟ ਦੀ ਆਲੋਚਨਾ ਸ਼ੁਰੂ ਹੋਈ ਤਾਂ ਵਿਰਾਟ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।