ਭਾਰਤ ਦੇ ਸ਼ੁਭੰਕਰ ਡੇਅ ਨੇ ਪੰਜਵਾਂ ਦਰਜਾ ਪ੍ਰਾਪਤ ਰਾਜੀਵ ਓਸੇਫ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਸਾਰਲੋਰਲਕਸ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ। ਗੈਰ-ਦਰਜਾ ਪ੍ਰਾਪਤ ਸ਼ੁਭੰਕਰ ਨੇ ਇੰਗਲੈਂਡ ਦੇ ਓਸੇਫ ਨੂੰ ਕੱਲ੍ਹ ਰਾਤ ਖੇਡੇ ਗਏ ਫਾਈਨਲ ਵਿੱਚ ਸਿਰਫ਼ 34 ਮਿੰਟ ਵੱਚ 21-11, 21-14 ਨਾਲ ਹਰਾ ਦਿੱਤਾ। ਪਹਿਲੀ ਵਾਰ ਓਸੇਫ ਖਿਲਾਫ਼ ਖੇਡ ਰਹੇ ਸ਼ੁਭੰਕਰ ਨੂੰ ਪਹਿਲੇ ਗੇਮ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ। ਉਸ ਨੇ ਲਗਾਤਾਰ ਸੱਤ ਅੰਕ ਬਣਾ ਕੇ ਇਹ ਗੇਮ ਆਪਣੇ ਨਾਮ ਕੀਤੀ। ਦੂਜੀ ਗੇਮ ਵਿੱਚ 37ਵਾਂ ਦਰਜਾ ਪ੍ਰਾਪਤ ਓਸੇਫ ਨੇ 64ਵੀਂ ਰੈਂਕਿੰਗ ਦੇ ਭਾਰਤੀ ਖ਼ਿਲਾਫ਼ ਚੰਗੀ ਵਾਪਸੀ ਕੀਤੀ ਅਤੇ ਲਗਾਤਾਰ ਪੰਜ ਅੰਕ ਬਣਾਏ, ਪਰ ਸ਼ੁਭੰਕਰ ਛੇਤੀ ਹੀ ਸੰਭਲ ਗਿਆ ਅਤੇ ਖ਼ਿਤਾਬ ਜਿੱਤਣ ਵਿੱਚ ਸਫਲ ਰਿਹਾ। ਸ਼ੁਭੰਕਰ ਨੇ ਕਿਹਾ, ‘‘ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਹੈ। ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਰੈਲੀਆਂ ’ਤੇ ਕਾਫੀ ਮਿਹਨਤ ਕਰਨੀ ਪਵੇਗੀ, ਪਰ ਅਜਿਹਾ ਨਹੀਂ ਹੋਇਆ। ਅਜੇ ਮੈਂ ਬਹੁਤ ਚੰਗਾ ਪ੍ਰਦਰਸ਼ਨ ਕਰ ਰਿਹਾ ਹਾਂ ਅਤੇ ਮੈਨੂੰ ਇਹ ਪਸੰਦ ਹੈ।’’ ਇਸ ਭਾਰਤੀ ਖਿਡਾਰੀ ਨੇ ਸੈਮੀ ਫਾਈਨਲ ਵਿੱਚ ਚੀਨ ਦੇ ਰੇਨ ਪੇਂਗਬੋ ਨੂੰ 21-18, 11-21, 24-22 ਨਾਲ ਹਰਾਇਆ ਸੀ।
Sports ਸ਼ੁਭੰਕਰ ਨੇ ਬੈਡਮਿੰਟਨ ਟੂਰਨਾਮੈਂਟ ਜਿੱਤਿਆ